*ਡਾ. ਵੇਰਕਾ ਵੱਲੋਂ ‘ਊਰਜਾ ਬੱਚਤ ਬਜ਼ਾਰ’ ਵਿੱਚ ਨਿਵੇਸ਼ ਲਈ ਉਦਯੋਗਾਂ ਵਾਸਤੇ ਕਰਜ਼ ਮੁਹੱਈਆ ਕਰਵਾਉਣ ਲਈ ਵਿੱਤੀ ਸੰਸਥਾਵਾਂ ਨੂੰ ਅਪੀਲ*

0
12

ਚੰਡੀਗੜ੍ਹ, 26 ਨਵੰਬਰ  (ਸਾਰਾ ਯਹਾਂ/ਮੁੱਖ ਸੰਪਾਦਕ ) :ਊਰਜਾ ਦੀ ਵਧ ਰਹੀ ਮੰਗ ਦੇ ਮੱਦੇਨਜ਼ਰ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਉਦਯੋਗਾਂ ਨੂੰ ਬਿਜਲੀ ਦੀ ਬੱਚਤ ਕਰਨ ਵਾਲੇ ਉਪਕਰਣਾਂ ਦੀ ਵਰਤੋਂ ਕਰਨ ਅਤੇ ‘ਊਰਜਾ ਬੱਚਤ ਬਜ਼ਾਰ’ ਵਿੱਚ ਨਿਵੇਸ਼ ਕਰਨ ਲਈ ਵਿੱਤੀ ਸੰਸਥਾਵਾਂ ਨੂੰ ਉਦਯੋਗਾਂ ਵਾਸਤੇ ਕਰਜ਼ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।

ਅੱਜ ਏਥੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ‘ਇਨਵੈਸਟਮੈਂਟ ਬਜ਼ਾਰ ਫਾਰ ਅਨਰਜੀ ਐਫੀਸੈਂਸੀ’ ਬਾਰੇ ਕਰਵਾਈ ਗਈ ਇੱਕ ਦਿਨਾ ਕਾਨਫਰੰਸ ਵਿੱਚ ਆਪਣੇ ਭਾਸ਼ਣ ਦੌਰਾਨ ਡਾ. ਵੇਰਕਾ ਨੇ ਕਿਹਾ ਕਿ ਵਰਤਮਾਨ ਸਮੇਂ ਊਰਜਾ ਦੀ ਮੰਗ ਬਹੁਤ ਜ਼ਿਆਦਾ ਵਧ ਗਈ ਅਤੇ ਕਈ ਸੂਬਿਆਂ ਵਿੱਚ ਇਸ ਦੀ ਮੰਗ ਅਤੇ ਪੂਰਤੀ ਵਿੱਚਕਾਰ ਵੱਡਾ ਪਾੜਾ ਹੈ। ਇਸ ਪਾੜੇ ਨੂੰ ਘਟਾਉਣਾ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਵਾਸਤੇ ਉਦਯੋਗਾਂ ਨੂੰ ਅੱਗੇ ਆਉਣ ਲਈ ਸੱਦਾ ਦਿੱਤਾ ਹੈ।

ਊਰਜਾ ਨੂੰ ਜੀਵਨ ਦੇ ਹਰ ਪਹਿਲੂ ਲਈ ਜ਼ਰੂਰੀ ਦੱਸਦੇ ਹੋਏ ਡਾ. ਵੇਰਕਾ ਨੇ ਕਿਹਾ ਕਿ ਇਹ ਵਿਕਾਸ ਲਈ ਮੁੱਖ ਭੂਮਿਕਾ ਨਿਭਾਉਂਦੀ ਹੈ। ਵਿਸ਼ਵ ਮੁਕਾਬਲੇਬਾਜ਼ੀ ਨੂੰ ਲਾਹੇਵੰਦ ਬਨਾਉਣ ਅਤੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਊਰਜਾ ਦੀ ਕੁਸ਼ਲਤਾ ਨਾਲ ਵਰਤੋਂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਊਰਜਾ ਦੀ ਕੁਸ਼ਲਤਾ ਨਾਲ ਵਰਤੋਂ ਕਰਨ ਵਾਲੇ ਦੇਸ਼ ਅਤੇ ਸੂਬੇ ਆਰਥਿਕ ਤੌਰ ’ਤੇ ਸਫਲ ਹੁੰਦੇ ਹਨ ਅਤੇ ਮੁਕਾਬਲੇਬਾਜ਼ੀ ਵਿੱਚ ਅੱਗੇ ਰਹਿੰਦੇੇ ਹਨ। ਉਨ੍ਹਾ ਕਿਹਾ ਕਿ ਊਰਜਾ ਦੀ ਕੁਸ਼ਲਤਾ ਨਾਲ ਵਰਤੋਂ ਕਰਨ ਨਾਲ ਕਈ ਤਰ੍ਹਾਂ ਦਾ ਫਾਇਦਾ ਹੁੰਦਾ ਹੈ। ਇਸ ਨਾਲ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ, ਊਰਜਾ ਦੀ ਮੰਗ ਨੂੰ ਘਟਾਉਣ ਅਤੇ ਆਰਥਿਕਤ ਵਿਕਾਸ  ਲਈ ਲਾਗਤਾਂ ਘਟਾਉਣ ਵਿੱਚ ਮਦਦ ਦਿੰਦੀ ਹੈ। ਊਰਜ਼ਾ ਕੁਸ਼ਲਤਾ ਵਿੱਚ ਸੁਧਾਰ ਕਰਕੇ, ਊਰਜਾ ਦੀ ਮੰਗ ਨੂੰ ਘਟਾਇਆ ਜਾ ਸਕਦਾ ਹੈ।   

ਡਾ. ਵੇਰਕਾ ਨੇ ਕਿਹਾ ਕਿ ਬਿਜਲੀ ਦਾ ਵੱਡਾ ਹਿੱਸਾ ਉਦਯੋਗਾਂ ਵਿੱਚ ਖਪਤ ਹੋ ਰਿਹਾ ਹੈ। ਇਸ ਕਰਕੇ ਉਦਯੋਗਾਂ ਵਿੱਚ ਊਰਜਾ ਦੀ ਖਪਤ ਘਟਾਉਣ ਵਾਲੇ ਉਪਕਰਣ ਲਾਏ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਊਰਜਾ ਦੀ ਬੱਚਤ ਲਈ ਵੱਡੇ ਪੱਧਰ ’ਤੇ ਨਿਵੇਸ਼ ਦੀ ਸੰਭਾਵਨਾ ਹੈ ਜਿਸ ਵਾਸਤੇ ਵਿੱਤੀ ਸੰਸਥਾਵਾਂ ਵੱਲੋਂ ਕਰਜ਼ ਮਹੱਈਆ ਕਰਵਾਏ ਜਾਣ ਦੀ ਲੋੜ ਹੈ। ਡਾ. ਵੇਰਕਾ ਨੇ ਉਦਯੋਗਾਂ ਵਿੱਚ ਊਰਜਾ ਦੀ ਕੁਸ਼ਲਤਾ ਨਾਲ ਵਰਤੋਂ ਲਈ ਅਧੁਨਿਕ ਉਪਕਰਣ ਲਗਾਏ ਜਾਣ ਵਾਸਤੇ ਵਿੱਤੀ ਸੰਸਥਾਵਾਂ ਵੱਲੋਂ ਕਰਜ਼ਾ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਹੀ ਉਨ੍ਹਾਂ ਨੇ ਹੋਰਨਾਂ ਖੇਤਰਾਂ ਵਿੱਚ ਵੀ ਊਰਜਾ ਦੀ ਬੱਚਤ ’ਤੇ ਜ਼ੋਰ ਦਿੱਤਾ ਹੈ। ਡਾ. ਵੇਰਕਾ ਨੇ ਕਿਹਾ ਕਿ ਇਸ ਨਾਲ ਨਾ ਕੇਵਲ ਊਰਜਾ ਦੀ ਕਮੀ ਨਾਲ ਨਿਪਟਣ ਦੀ ਦਿਸ਼ਾ ਵੱਲ ਕਦਮ ਪੁੱਟੇ ਜਾ ਸਕਦੇ ਹਨ ਸਗੋਂ ਇਸ ਨਾਲ ਵੱਖ ਵੱਖ ਖੇਤਰਾਂ ਵਿੱਚ ਊਰਜਾ ਦੀ ਖਪਤ ’ਤੇ ਖਰਚਿਆਂ ਵਿੱਚ ਵੀ ਕਮੀ ਲਿਆਂਦੀ ਜਾ ਸਕਦੀ ਹੈ। ਡਾ. ਵੇਰਕਾ ਨੇ ਕਿਹਾ ਕਿ ਇਸ ਕਾਰਜ ਵਾਸਤੇ ਪੰਜਾਬ ਸਰਕਾਰ ਹਰ ਮਦਦ ਮੁਹੱਈਆ ਕਰਵਾਉਣ ਲਈ ਤਿਆ ਹੈ।

ਇਸ ਤੋਂ ਪਹਿਲਾਂ  ਪ੍ਰਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨ੍ਹਾ ਨੇ ਕਾਨਫਰੰਸ ਵਿੱਚ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕੀਤਾ। ਚੇਅਰਮੈਨ ਪੇਡਾ ਸ੍ਰੀ ਐਚ.ਐਸ. ਹੰਸਪਾਲ ਨੇ ਊਰਜਾ ਦੀ ਕੁਸ਼ਲਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਐਸ.ਬੀ.ਆਈ. ਦੇ ਮੈਨੇਜਰ ਸ੍ਰੀ ਰਾਜੇਸ਼ ਸਿੰਘ ਨੇ ਊਰਜਾ ਕੁਸ਼ਲਤਾ ਵਿੱਚ ਨਿਵੇਸ਼ ਸਬੰਧੀ ਸਕੀਮਾਂ ਦੀ ਜਾਣਕਾਰੀ ਦਿੱਤੀ। ਡਾਇਰੈਕਟਰ ਪੇਡਾ ਸ੍ਰੀ ਐਮ.ਪੀ. ਸਿੰਘ ਨੇ ਇਸ ਕਾਨਫਰੰਸ ਵਿੱਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੇਡਾ ਦੇ ਚੀਫ ਅਜੈਕਟਿਵ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਵੀ ਹਾਜ਼ਰ ਸਨ। ਇਸ ਦੌਰਾਨ ਊਰਜਾ ਦੀ ਬੱਚਤ ਦੀਆਂ ਸੰਭਾਵਨਾਵਾਂ, ਸਮਰੱਥਾ, ਊਰਜਾ ਬੱਚਤ ਲਈ ਵਿੱਤੀ ਸਹਾਇਤਾ ਆਦਿ ਬਾਰੇ ਪੇਪਰ ਪੜ੍ਹੇ ਗਏ।

 ———–   

NO COMMENTS