*ਡਾ. ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਅਤੇ ਸੰਵਿਧਾਨ ਬਾਰੇ ਪਿੰਡ ਕਲੀਪੁਰ ਵਿਖੇ ਵਿੱਦਿਅਕ ਮੁਕਾਬਲੇ ਕਰਵਾਏ*

0
57

ਕਲੀਪੁਰ/ਮਾਨਸਾ, 21 ਅਪ੍ਰੈਲ(ਸਾਰਾ ਯਹਾਂ/ਬੀਰਬਲ ਧਾਲੀਵਾਲ)

   ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਕਮੇਟੀ ਕਲੀਪੁਰ ਵੱਲੋਂ ਅੰਬੇਡਕਰ ਜਯੰਤੀ ਨੂੰ ਸਮਰਪਿਤ ਤੀਜਾ ਵਿੱਦਿਅਕ ਪ੍ਰੋਗਰਾਮ ਪਿੰਡ ਕਲੀਪੁਰ ਵਿਖੇ ਕਰਵਾ ਕੇ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਦੀ ਵਿਚਾਰਧਾਰਾ ਨਾਲ ਜੋੜਨ ਦਾ ਨਿਵੇਕਲਾ ਉਪਰਾਲਾ ਕੀਤਾ ਗਿਆ।

    ਇਸ ਮੌਕੇ ਬਾਬਾ ਸਾਹਿਬ ਦੇ ਜੀਵਨ ਅਤੇ ਵਿਚਾਰਧਾਰਾ ‘ਤੇ ਵੱਖ ਵੱਖ ਬੁਲਾਰਿਆਂ ਵੱਲੋਂ ਚਾਨਣਾ ਪਾਇਆ ਗਿਆ। ਇਸ ਦੇ ਨਾਲ ਹੀ ਬਾਬਾ ਸਾਹਿਬ ਜੀ ਦੀ ਜੀਵਨੀ ਅਤੇ ਭਾਰਤੀ ਸੰਵਿਧਾਨ ਬਾਰੇ ਇੱਕ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਪਹਿਲੇ ਤਿੰਨ ਸਥਾਨਾਂ ‘ਤੇ ਆਉਣ ਵਾਲੀਆਂ ਟੀਮਾਂ ਨੂੰ ਕਮੇਟੀ ਵੱਲੋਂ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।

     ਇਸ ਮੌਕੇ ਕਮੇਟੀ ਵੱਲੋਂ ਪਿੰਡ ਪੱਧਰ ‘ਤੇ ਵਿੱਦਿਅਕ ਖੇਤਰ ‘ਚ ਮੱਲਾਂ ਮਾਰਨ ਵਾਲੇ ਬੱਚਿਆਂ ਦੀ ਹੌਸਲਾ ਅਫਜ਼ਾਈ ਹਿੱਤ ਜਵਾਹਰ ਨਵੋਦਿਆ ਦੀ ਪ੍ਰੀਖਿਆ ਪਾਸ ਕਰਨ ਵਾਲੇ ਚਾਰ ਵਿਦਿਆਰਥੀਆਂ ਨੂੰ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਪਿਛਲੇ ਇੱਕ ਸਾਲ ਦੇ ਅਰਸੇ ਦੌਰਾਨ ਪਿੰਡ ਵਿੱਚੋਂ ਸਰਕਾਰੀ ਸੇਵਾ ‘ਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਦਾ ਵੀ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।

    ਇਸ ਮੌਕੇ ਬੋਲਦਿਆਂ ਕਮੇਟੀ ਪ੍ਰਧਾਨ ਸ੍ਰੀ ਲਖਵੀਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਗਈ ਕਿ ਵਿੱਦਿਅਕ ਖੇਤਰ ਵਿੱਚ ਅਗਲੇ ਸਾਲ ਇਸ ਤੋਂ ਹੀ ਬਿਹਤਰ ਨਤੀਜੇ ਲੈ ਕੇ ਆਉਣਗੇ, ਜਿਸ ਬਾਬਤ ਬੱਚਿਆਂ ਵੱਲੋਂ ਹੱਥ ਖੜ੍ਹੇ ਕਰਕੇ ਭਰਵਾਂ ਹੁੰਗਾਰਾ ਦਿੱਤਾ ਗਿਆ।

   ਇਸ ਮੌਕੇ ਪੂਰਨ ਸਿੰਘ ਬੱਛੋਆਣਾ, ਪ੍ਰਬੁੱਧ ਭਾਰਤ ਫਾਊਂਡੇਸ਼ਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਅਤੇ ਉਨ੍ਹਾਂ ਬੱਚਿਆਂ ਨੂੰ ਬਾਬਾ ਸਾਹਿਬ ਦੀ ਵਿਚਾਰਧਾਰਾ ‘ਤੇ ਚਲਦਿਆਂ ਸੰਵਿਧਾਨ ਦੀ ਰਾਖੀ ਕਰਨ ਦਾ ਹੋਕਾ ਦਿੱਤਾ। 

ਇਸ ਮੌਕੇ ਅੰਮ੍ਰਿਤਪਾਲ ਕੌਰ (ਕਾਂਸਟੇਬਲ) ਪੰਜਾਬ ਪੁਲਸ ਵੱਲੋਂ ਕਮੇਟੀ ਦੇ ਸਿੱਖਿਆ ਦੇ ਖੇਤਰ ‘ਚ ਕੀਤੇ ਉਦਮਾਂ ਦੀ ਤਾਰੀਫ ਕਰਦਿਆਂ ਬੱਚਿਆਂ ਨੂੰ ਭਵਿੱਖ ਵਿੱਚ ਹੋਰ ਵਡੇਰੇ ਸੁਪਨੇ ਵੇਖਣ ਬਾਬਤ ਪ੍ਰੇਰਿਤ ਕੀਤਾ ਗਿਆ। 

   ਅਖ਼ੀਰ ਵਿਚ ਕਮੇਟੀ ਮੈਂਬਰਾਂ ਕੈਪਟਨ ਭੋਲਾ ਸਿੰਘ, ਸੂਬੇਦਾਰ ਕੇਵਲ ਸਿੰਘ, ਮਾਸਟਰ ਸੁਖਦੇਵ ਸਿੰਘ, ਗੁਰਸੇਵਕ ਸਿੰਘ, ਧਰਮ ਸਿੰਘ, ਰਾਜਵਿੰਦਰ ਸਿੰਘ ਅਤੇ ਅਵਤਾਰ ਸਿੰਘ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।

NO COMMENTS