ਫਗਵਾੜਾ 22 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਹਿਊਮਨ ਰਾਈਟਸ ਕੌਂਸਲ (ਇੰਡੀਆ) ਦੀ ਕੌਮੀ ਪ੍ਰਧਾਨ ਆਰਤੀ ਰਾਜਪੂਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਗਵਾੜਾ ਸ਼ਾਖਾ ਦੇ ਪ੍ਰਧਾਨ ਗੁਰਦੀਪ ਸਿੰਘ ਕੰਗ ਨੇ ਕੌਂਸਲ ਦੇ ਮੈਡੀਕਲ ਸੈੱਲ ਦਾ ਗਠਨ ਕਰਦਿਆਂ ਡਾ: ਪੁਨੀਤ ਨਰੂਲਾ ਨੂੰ ਫਗਵਾੜਾ ਯੂਨਿਟ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਡਾ: ਪੁਨੀਤ ਨਰੂਲਾ (ਆਰਥੋ) ਸਤਨਾਮਪੁਰਾ ਸਥਿਤ ਨਰੂਲਾ ਹਸਪਤਾਲ ਦੇ ਐਮ.ਡੀ. ਅਤੇ ਇਲਾਕੇ ਦੇ ਮਸ਼ਹੂਰ ਆਰਥੋਪੀਡਿਕ ਮਾਹਿਰ ਹਨ। ਉਹ ਲੰਮੇ ਸਮੇਂ ਤੋਂ ਸਮਾਜ ਸੇਵਾ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਦੀ ਸਮਾਜ ਸੇਵਾ ਦੀ ਭਾਵਨਾ ਨੂੰ ਦੇਖਦਿਆਂ ਕੌਂਸਲ ਨੇ ਉਨ੍ਹਾਂ ਨੂੰ ਮੈਡੀਕਲ ਸੈੱਲ ਫਗਵਾੜਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਡਾ: ਨਰੂਲਾ ਨਾਗਰਿਕਾਂ ਨੂੰ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਵਿੱਚ ਵੀ ਆਪਣੀਆਂ ਵਧੀਆ ਸੇਵਾਵਾਂ ਦੇਣਗੇ। ਡਾ: ਪੁਨੀਤ ਨਰੂਲਾ ਨੇ ਕੌਂਸਲ ਦੀ ਕੌਮੀ ਪ੍ਰਧਾਨ ਆਰਤੀ ਰਾਜਪੂਤ ਅਤੇ ਫਗਵਾੜਾ ਪ੍ਰਧਾਨ ਗੁਰਦੀਪ ਸਿੰਘ ਕੰਗ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਕੌਂਸਲ ਵੱਲੋਂ ਉਨ੍ਹਾਂ ਨੂੰ ਸੰਭਾਲੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਜਲਦੀ ਹੀ ਉਹ ਆਪਣੀ ਟੀਮ ਦਾ ਗਠਨ ਕਰਨਗੇ ਅਤੇ ਫਗਵਾੜਾ ਦੇ ਸੂਝਵਾਨ ਡਾਕਟਰਾਂ ਨੂੰ ਸੰਸਥਾ ਨਾਲ ਜੋੜਿਆ ਜਾਵੇਗਾ ਤਾਂ ਜੋ ਕੌਂਸਲ ਦੇ ਮਿਸ਼ਨ ਨੂੰ ਵਧੀਆ ਢੰਗ ਨਾਲ ਅੱਗੇ ਤੋਰਿਆ ਜਾ ਸਕੇ। ਇਸ ਮੌਕੇ ਸੁਖਵਿੰਦਰ ਸਿੰਘ ਭਮਰਾ, ਚੰਦਰਮੋਹਨ ਸ਼ਰਮਾ, ਸੁਮਿਤ ਭੰਡਾਰੀ, ਨੰਦ ਸੋਨੀ, ਲਲਿਤ ਸ਼ਰਮਾ, ਵਿੱਕੀ ਚੁੰਬਰ ਆਦਿ ਹਾਜ਼ਰ ਸਨ।