(ਸਾਰਾ ਯਹਾਂ/ਬੀਰਬਲ ਧਾਲੀਵਾਲ): 1 ਜੁਲਾਈ ਨੂੰ ਹਰ ਸਾਲ ਕੌਮੀ ਪੱਧਰ ਉੱਤੇ ਡਾਕਟਰ ਡੇਅ ਮਨਾਇਆ ਜਾਂਦਾ ਹੈ। ਇਹ ਦਿਨ ਡਾਕਟਰ ਵਿਧਾਨ ਚੰਦਰਾ ਰਾਏ ਜੋ ਕਿ ਪੱਛਮੀ ਬੰਗਾਲ ਨਾਲ ਸਬੰਧ ਰੱਖਦੇ ਸਨ , ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ , ਡਾਕਟਰਾਂ ਅਤੇ ਮਰੀਜਾਂ ਵਿਚਕਾਰ ਵਿਸ਼ਵਾਸ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣਾ ਹੁੰਦਾ ਹੈ । ਇਸ ਦਿਨ ਮਰੀਜ਼ ਅਤੇ ਸਮਾਜ ਦੇ ਸਾਰੇ ਲੋਕ ਆਪਣੇ ਡਾਕਟਰਾਂ ਨੂੰ ਸ਼ੁੱਭ-ਇੱਛਾਵਾਂ ਦਿੰਦੇ ਹਨ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਦਲੇ ਉਨ੍ਹਾਂ ਦਾ ਧੰਨਵਾਦ ਕਰਦੇ ਹਨ । ਇਸ ਦਿਨ ਡਾਕਟਰ ਵੀ ਪਰਮਾਤਮਾ ਅੱਗੇ ਦੁਆ ਕਰਦੇ ਹਨ ਕਿ ਉਹਨਾਂ ਨੂੰ ਪਰਮਾਤਮਾ ਹਿੰਮਤ, ਤਾਕਤ,ਸ਼ਕਤੀ ਅਤੇ ਹੌਸਲਾ ਬਖਸ਼ੇ ਤਾਂ ਜੋਕਿ ਉਹ ਸਮਾਜ ਨੂੰ ਮਜ਼ਬੂਤੀ ਨਾਲ ਅਤੇ ਨਿਰਵਿਘਨ ਸਿਹਤ ਸੇਵਾਵਾਂ ਦਿੰਦੇ ਰਹਿਣ।
ਇਸ ਸੰਬੰਧ ਵਿੱਚ ਆਈ.ਐੱਮ .ਏ.ਦੀ ਇਕ ਮੀਟਿੰਗ ਹੋਈ। ਇਸ ਸਬੰਧ ਵਿਚ ਆਈ.ਐੱਮ.ਏ ਦੇ ਜ਼ਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਅਤੇ ਜਨਰਲ ਸਕੱਤਰ ਡਾ. ਸ਼ੇਰ ਜੰਗ ਸਿੰਘ ਸਿੱਧੂ ਨੇ ਦੱਸਿਆ ਕਿ ਅਗਲੇ ਹਫਤੇ ਵਿਚ ਬਲੱਡ ਪ੍ਰੈਸ਼ਰ ਸੰਬੰਧੀ ਜਾਗਰੂਕਤਾ ਫੈਲਾਉਣ ਲਈ ਇਕ ਮੁਹਿੰਮ ਚਾਲੂ ਕੀਤੀ ਜਾਵੇਗੀ ਕਿਉਂਕਿ ਬਲੱਡ ਪ੍ਰੈਸ਼ਰ ਦੇ 50% ਮਰੀਜ਼/ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਬਲੱਡ ਪ੍ਰੈੱਸ਼ਰ ਹੋਣ ਬਾਰੇ ਪਤਾ ਵੀ ਨਹੀਂ ਹੁੰਦਾ ਕਿਉਂਕਿ ਬਲੱਡ ਪ੍ਰੈਸ਼ਰ ਇਕ ਚੁੱਪ ਚਪੀਤਾ ਦੁਸ਼ਮਣ ਹੈ । ਅਜਿਹੇ ਮਰੀਜ਼ ਕਿਤੇ ਨਾ ਕਿਤੇ ਅਧਰੰਗ ਜਾਂ ਗੁਰਦੇ ਖਰਾਬ ਜਾਂ ਨਿਗਾਹ ਖਰਾਬ ਆਦਿ ਕਰਕੇ ਆਉਂਦੇ ਹਨ। ਜਿਨ੍ਹਾਂ 50% ਮਰੀਜ਼ਾਂ ਨੂੰ ਬਲੱਡ ਪ੍ਰੈਸ਼ਰ ਦਾ ਪਤਾ ਹੁੰਦਾ ਹੈ ਉਨ੍ਹਾਂ ਵਿੱਚੋਂ ਵੀ ਬਹੁਤ ਥੋੜ੍ਹੇ ਸਹੀ ਇਲਾਜ ਕਰਵਾ ਰਹੇ ਹੁੰਦੇ ਹਨ । ਸੋ ਇਹ ਸਾਰੀ ਅਗਿਆਨਤਾ ਦੂਰ ਕਰਨ ਦੇ ਮਕਸਦ ਨਾਲ ਇਹ ਮੁਹਿੰਮ ਸ਼ੁਰੂ ਕੀਤੀ ਜਾਵੇਗੀ ।ਇਸ ਮੌਕੇ ਤੇ ਡਾ. ਰੁਪਿੰਦਰ ਸਿੰਗਲਾ, ਡਾ. ਨਿਸ਼ਾਨ ਸਿੰਘ ,ਡਾ. ਹਰਪਾਲ ਸਿੰਘ ,ਡਾ. ਰਾਜੀਵ ਸਿੰਗਲਾ ਡਾ. ਰਣਜੀਤ ਸਿੰਘਅਤੇ ਆਈ.ਐੱਮ.ਏ ਕੁਝ ਹੋਰ ਮੈਂਬਰ ਹਾਜ਼ਰ ਸਨ ।