*ਡਾਕਟਰਾਂ ਦੀ ਹੜਤਾਲ ਤੀਸਰੇ ਦਿਨ ਵੀ ਰਹੀ ਜਾਰੀ*

0
177

ਮਾਨਸਾ, 11 ਸਤੰਬਰ (ਸਾਰਾ ਯਹਾਂ/ਚਾਨਣ ਦੀਪ ਸਿੰਘ ਔਲਖ) ਸਰਕਾਰੀ ਡਾਕਟਰਾਂ ਦੀ ਪ੍ਰਮੁੱਖ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਜ਼ ਐਸੋਸੀਏਸ਼ਨ ਵੱਲੋਂ ਪੰਜਾਬ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿਚ 9 ਸਤੰਬਰ ਤੋਂ ਐਲਾਨੀ ਹੋਈ ਹੜਤਾਲ ਦਾ ਅੱਜ ਤੀਜਾ ਦਿਨ ਸੀ ਅਤੇ ਜਿਲ੍ਹੇ ਭਰ ਦੇ ਸਬ ਡਵੀਜਨਲ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ, ਪ੍ਰਾਇਮਰੀ ਹੈਲਥ ਸੈਂਟਰ ਅਤੇ ਸਿਵਲ ਹਸਪਤਾਲ ਵਿਖੇ 8 ਤੋਂ 11 ਵਜੇ ਤੱਕ ਓ ਪੀ ਡੀ ਸੇਵਾਵਾਂ ਬੰਦ ਰੱਖੀਆਂ ਗਈਆਂ। ਸਰਕਾਰੀ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਰੋਸ ਵਜੋਂ ਓ ਪੀ ਡੀ ਸੇਵਾਵਾਂ ਬੰਦ ਕਰਨ ਕਰਕੇ ਸਾਰੇ ਹਸਪਤਾਲਾਂ ਵਿੱਚ ਕਾਫ਼ੀ ਭੀੜ ਦੇਖੀ ਗਈ। ਜਿਲ੍ਹੇ ਅੰਦਰ ਹਾਲਾਤ ਤਦ ਹੋਰ ਵੀ ਗੰਭੀਰ ਬਣ ਗਏ ਜਦ ਨਸ਼ਾ ਛੁਡਾਊ ਕੇਂਦਰਾਂ ਤੇ ਹਫਤੇ ਦੀ ਦਵਾਈ ਦੀ ਜਗ੍ਹਾ ਇੱਕ ਦਿਨ ਦੀ ਦਵਾਈ ਹੀ ਮਿਲਦੀ ਹੈ ਜਿਸ ਕਾਰਨ ਕੇਂਦਰਾਂ ਤੇ ਬੇਤਹਾਸ਼ਾ ਭੀੜ ਬਣੀ ਰਹਿੰਦੀ ਹੈ।

ਮੈਡੀਕਲ ਅਫ਼ਸਰਾਂ ਨੇ ਆਪਣੀਆਂ ਮੰਗਾਂ ਦੇ ਪੈਫ਼ਲਿਟਾਂ, ਫਲੈਕਸ ਬੈਨਰ ਅਤੇ ਭਾਸ਼ਣਾਂ ਰਾਹੀਂ ਮਰੀਜਾਂ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ। ਸੁਰੱਖਿਆ ਦੇ ਮੁੱਦੇ ਤੇ ਲੇਡੀ ਡਾਕਟਰਾਂ ਵਿੱਚ ਕਾਫ਼ੀ ਰੋਸ ਦੇਖਣ ਨੂੰ ਮਿਿਲਆ, ਕਿਉਂਕਿ ਕੱਲ ਵੀ ਮੋਹਾਲੀ ਜਿਲ੍ਹੇ ਵਿੱਚ ਇਕ ਗਰਭਵਤੀ ਡਾਕਟਰ ਤੇ ਡਿਊਟੀ ਦੌਰਾਨ ਹਮਲਾ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਪੀ ਸੀ ਐੱਮ ਐੱਸ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਡਾ ਗੁਰਜੀਵਨ ਸਿੰਘ ਨੇ ਕਿਹਾ ਕਿ ਪਹਿਲਾਂ ਐਸੋਸੀਏਸ਼ਨ ਵੱਲੋਂ ਅਨਿਸ਼ਚਿਤ ਕਾਲ ਤਕ ਪੂਰਨ ਤੌਰ ਤੇ ਬੰਦ ਦਾ ਐਲਾਨ ਕੀਤਾ ਗਿਆ ਸੀ ਪਰ ਸਿਹਤ ਮੰਤਰੀ ਵੱਲੋਂ ਕੀਤੀ ਗਈ ਅਪੀਲ ਅਤੇ ਕੈਬਿਨਟ ਦੀ ਸਬ ਕਮੇਟੀ ਦੇ ਤੌਰ ਤੇ ਵਿੱਤ ਮੰਤਰੀ ਨਾਲ ਐਸੋਸੀਏਸ਼ਨ ਨੂੰ ਮੀਟਿੰਗ ਕਰਵਾਏ ਜਾਣ ਦਾ ਸੱਦਾ ਦੇਣ ਤੋਂ ਬਾਅਦ ਡਾਕਟਰਾਂ ਨੇ ਮਰੀਜ਼ਾਂ ਤੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਆਪਣਾ ਵਿਰੋਧ ਥੋੜ੍ਹਾ ਘਟਾਇਆ ਹੈ। ਉਹਨਾਂ ਕਿਹਾ ਕਿ ਅਸੀਂ ਗੱਲਬਾਤ ਲਈ ਸੁਖਾਵਾਂ ਮਾਹੌਲ ਬਣਾਏ ਰੱਖਣਾ ਚਾਹੁੰਦੇ ਹਾਂ ਪਰ ਹਾਲੇ ਵੀ ਸਿਹਤ ਮੰਤਰੀ ਦੁਆਰਾ ਦਿੱਤੇ ਗਏ ਸੁਰੱਖਿਆ ਪ੍ਰਬੰਧਾਂ ਦੇ ਭਰੋਸੇ ਜ਼ਮੀਨੀ ਪੱਧਰ ਤੇ ਨਹੀਂ ਪਹੁੰਚੇ ਅਤੇ ਨਾ ਹੀ ਸਰਕਾਰ ਵਾਰ ਵਾਰ ਮੀਟਿੰਗਾਂ ਵਿੱਚ ਸਮਾਂਬੱਧ ਤਰੱਕੀਆਂ ਸਬੰਧੀ ਕੋਈ ਨੋਟੀਫਿਕੇਸ਼ਨ ਲੈ ਕੇ ਆਈ ਹੈ। ਉਹਨਾਂ ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਅੰਦੋਲਨ ਆਪਣੀ ਜਾਇਜ਼ ਪ੍ਰਮੁੱਖ ਮੰਗਾਂ ਮਨਾਉਣ ਤੋਂ ਬਿਨਾਂ ਨਹੀਂ ਰੁਕੇਗਾ। ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ ਸ਼ੁਭਮ ਬਾਂਸਲ ਨੇ ਅਗਲੀ ਨੀਤੀ ਬਾਰੇ ਦੱਸਦਿਆਂ ਕਿਹਾ ਕਿ ਇਹ ਹੜਤਾਲ ਦੀ ਰੂਪ ਰੇਖਾ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਰਿਹਾ ਹੈ। ਪਹਿਲੇ ਤਿੰਨ ਦਿਨ ਲਈ ਸਿਰਫ਼ ਅੱਧੇ ਦਿਨ ਦੇ ਲਈ ਓ ਪੀ ਡੀ ਬੰਦ ਰੱਖੀ ਸੀ। ਜੇਕਰ ਫਿਰ ਵੀ ਕੋਈ ਹੱਲ ਨਹੀਂ ਹੁੰਦਾ ਤਾਂ ਫੇਸ 2 ਵਿੱਚ 12 ਸਤੰਬਰ ਤੋਂ ਪੂਰੇ ਸਮੇਂ ਲਈ ਸਾਰੀਆਂ ਸੇਵਾਵਾਂ ਬੰਦ ਕੀਤੀਆਂ ਜਾਣਗੀਆਂ। ਸਿਰਫ਼ ਐਮਰਜੈਂਸੀ ਮਰੀਜ਼ਾਂ ਦੀ ਲੋੜ ਨੂੰ ਦੇਖਦੇ ਹੋਏ ਬਹਾਲ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵੀ 16 ਸਤੰਬਰ ਨੂੰ ਜੇਕਰ ਨੌਬਤ ਆਈ ਤਾਂ ਹਰ ਤਰ੍ਹਾਂ ਦੀਆਂ ਮੈਡੀਕਲ ਲੀਗਲ ਸੇਵਾਵਾਂ ਵੀ ਮਜਬੂਰ ਹੋ ਕੇ ਛੱਡ ਜਾਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਕਿਰਨਵਿੰਦਰਪ੍ਰੀਤ ਸਿੰਘ, ਡਾ ਛਵੀ ਬਜਾਜ, ਡਾ ਨਿਸ਼ੀ ਸੂਦ, ਡਾ ਕਮਲਦੀਪ, ਡਾ ਸ਼ਾਇਨਾ ਗੋਇਲ, ਡਾ ਪ੍ਰਵੀਨ ਕੁਮਾਰ, ਡਾ ਅਨੀਸ਼ ਕੁਮਾਰ, ਡਾ ਹੰਸਾ, ਡਾ ਹਰਮਨਦੀਪ ਸਿੰਘ, ਡਾ ਬਲਜਿੰਦਰ ਕੌਰ, ਡਾ ਨੇਹਾ, ਡਾ ਕੋਮਲ ਜਿੰਦਲ ਡਾ ਰੁਪਿੰਦਰ ਕੌਰ ਅਤੇ ਡਾ ਗੌਰਵ ਕੁਮਾਰ ਵਿਸ਼ੇਸ਼ ਰੂਪ ਵਿੱਚ ਹਾਜਰ ਸਨ।

NO COMMENTS