*ਟ੍ਰੈਫਿਕ ਚਲਾਨਾਂ ਦੀ ਆੜ੍ਹ ਵਿੱਚ ਕੀਤੀ ਜਾ ਰਹੀ ਲੁੱਟ ਵਿਰੁੱਧ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੜਕਾਂ ‘ਤੇ ਆਵਾਂਗੇ – ਨਗਰ ਸੁਧਾਰ ਸਭਾ ਬੁਢਲਾਡਾ*

0
1

ਬੁਢਲਾਡਾ – 7 ਫਰਵਰੀ – (ਸਾਰਾ ਯਹਾਂ/ਮਹਿਤਾ ਅਮਨ) – ਨਗਰ ਸੁਧਾਰ ਸਭਾ ਬੁਢਲਾਡਾ ਦੀ ਅੱਜ ਦੀ ਮੀਟਿੰਗ ਵਿੱਚ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਪੀਲੀ ਲਾਈਨ ਲਾਈ ਜਾਵੇ ਅਤੇ ਸ਼ਹਿਰ ਵਿੱਚ ਟ੍ਰੈਫਿਕ ਦੇ ਹੱਲ ਸਬੰਧੀ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ । ਜਥੇਬੰਦੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਟ੍ਰੈਫਿਕ ਚਲਾਨਾਂ ਦੀ ਆੜ੍ਹ ਵਿੱਚ ਕੀਤੀ ਜਾ ਰਹੀ ਲੁੱਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਇਸ ਲੁੱਟ ਨੂੰ ਬੰਦ ਨਾ ਕੀਤਾ ਤਾਂ ਨਗਰ ਸੁਧਾਰ ਸਭਾ ਸੜਕਾਂ ‘ਤੇ ਆਵੇਗੀ।

      ਸੰਸਥਾ ਦੀ ਮੀਟਿੰਗ ਅਵਤਾਰ ਸਿੰਘ ਦੀ ਅਗਵਾਈ ਵਿੱਚ ਨਗਰ ਸੁਧਾਰ ਸਭਾ ਦੇ ਆਗੂਆਂ ਨੇ ਸ਼ਹਿਰ ਦੇ ਪਤਵੰਤਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵੱਖ ਵੱਖ ਮੰਗਾਂ ਮਸਲਿਆਂ ਉੱਪਰ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।

        ਨਗਰ ਸੁਧਾਰ ਸਭਾ ਦੇ ਕੁਆਰਡੀਨੇਟਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਅਤੇ ਪਰੇਮ ਸਿੰਘ ਦੋਦੜਾ ਨੇ ਕਿਹਾ ਕਿ  

ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਕੋਈ ਕਦਮ ਨਹੀਂ ਉਠਾ ਰਿਹਾ। ਸਥਿਤੀ ਜਿਉਂ ਦੀ ਤਿਉਂ ਹੈ। ਸਬੰਧਤ ਪੁਲਿਸ ਮੁਲਾਜ਼ਮ ਸਿਰਫ ਆਪਣੇ ਚਲਾਨਾਂ ਦਾ ਕੋਟਾ ਪੂਰਾ ਕਰਨ ਤੱਕ ਸੀਮਤ ਰਹਿੰਦੇ ਹਨ।

   ਆਗੂਆਂ ਨੇ ਕਿਹਾ ਕਿ ਸ਼ਹਿਰ ਦੀਆਂ ਸਮੱਸਿਆਵਾਂ ਸੀਵਰੇਜ ਸਿਸਟਮ ਦੇ ਮਾੜੇ ਹਾਲ , ਪੀਣ ਦੇ ਪਾਣੀ ਵਿੱਚ ਗੰਦੇ ਪਾਣੀ ਦੀ ਮਿਕਸ ਸਪਲਾਈ , ਅਵਾਰਾ ਪਸ਼ੂਆਂ ਦੀ ਭਰਮਾਰ ਆਦਿ ਦੇ ਹੱਲ ਲਈ ਕੋਈ ਯਤਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਲਗਭਗ ਡੇਢ ਸਾਲ ਪਹਿਲਾਂ ਨਵੀਂ ਅਨਾਜ ਮੰਡੀ ਸਬੰਧੀ ਕੀਤਾ ਐਲਾਨ ਮਹਿਜ਼ ਐਲਾਨ ਹੀ ਰਹਿ ਗਿਆ ਹੈ। ਉਨ੍ਹਾਂ  ਸ਼ਹਿਰ ਵਿੱਚ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਅਤੇ ਇਹ ਵਰਤਾਰਾ ਲਗਾਤਾਰ ਜਾਰੀ ਹੈ। ਉਨ੍ਹਾਂ ਰਾਤ ਦੀ ਗਸ਼ਤ ਤੇਜ਼ ਕਰਨ ਅਤੇ ਸ਼ਹਿਰ ਵਿੱਚ ਘੱਟੋ ਘੱਟ ਪੰਜ ਛੇ ਥਾਵਾਂ ‘ਤੇ ਪਿਕਟ ਪੋਸਟਾਂ ਬਣਾਉਣ ਦੀ ਮੰਗ ਕੀਤੀ ਹੈ।

    ਆਗੂਆਂ ਨੇ ਕਿਹਾ ਕਿ ਜੇਕਰ ਇੰਨਾਂ ਮੰਗਾਂ ਸਮੱਸਿਆਵਾਂ ਵੱਲ ਧਿਆਨ ਨਾ ਦਿੱਤਾ ਤਾਂ ਨਗਰ ਸੁਧਾਰ ਸਭਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।

ਮੀਟਿੰਗ ਵਿੱਚ ਜਰਨੈਲ ਸਿੰਘ ਮਿਸਤਰੀ , ਰਾਜਿੰਦਰ ਸਿੰਘ ਕੋਹਲੀ ਪ੍ਰਧਾਨ ਆੜਤੀ ਐਸੋਸੀਏਸ਼ਨ , ਪਵਨ ਨੇਵਟੀਆ , ਗਗਨ ਦਾਸ ਵੈਰਾਗੀ , ਰਮੇਸ਼ ਕੁਮਾਰ , ਰਾਮਗੋਪਾਲ , ਸੋਨੀ ਕੁਮਾਰ , ਮਨੋਜ ਕੁਮਾਰ , ਰਾਜੇਸ਼ ਕੁਮਾਰ ਕੁਲਾਣਾ ਆਦਿ ਸ਼ਹਿਰੀ ਅਤੇ ਪਤਵੰਤੇ ਹਾਜਰ ਸਨ।

NO COMMENTS