ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500/— ਰੁਪਏ ਪ੍ਰਤੀ ਏਕੜ ਮਿਲੇਗੀ ਪ੍ਰੋਤਸਾਹਨ ਰਾਸ਼ੀ

0
17

ਮਾਨਸਾ, 13 ਜੂਨ:(ਸਾਰਾ ਯਹਾਂ/ਮੁੱਖ ਸੰਪਾਦਕ)
ਪੰਜਾਬ ਸਰਕਾਰ ਵੱਲੋਂ ਸਾਲ 2024-25 ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਾ. ਵਰਿੰਦਰ ਕੁਮਾਰ, ਸੀਨੀਅਰ ਐਲਾਲਿਸਟ, ਕੀਟਨਾਸ਼ਕ ਪਰਖ ਪ੍ਰਯੋਗਸ਼ਾਲਾ, ਬਠਿੰਡਾ (ਡੀ.ਡੀ.ਓ ਮੁੱਖ ਖੇਤੀਬਾੜੀ ਅਫਸਰ, ਮਾਨਸਾ) ਨੇ ਦੱਸਿਆ ਕਿ ਇਹ ਲਾਭ ਲੈਣ ਲਈ ਕਿਸਾਨ ਵੀਰ https://agrimachinerypb.com/home/DSR23Department ਪੋਰਟਲ ’ਤੇ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਕਿਸਾਨ ਵੀਰ ਇਸ ਪੋਰਟਲ ’ਤੇ ਆਪਣਾ ਅਧਾਰ ਨੰਬਰ ਭਰਨਗੇ। ਕਾਸ਼ਤਕਾਰ ਕਿਸਾਨ ਦੀ ਨਿੱਜੀ ਅਤੇ ਬੈਂਕ ਸਬੰਧੀ ਜਾਣਕਾਰੀ ਅਨਾਜ ਖਰੀਦ/ਈਮੰਡੀਕਰਨ ਪੋਰਟਲ ਵਿੱਚ ਕੀਤੀ ਰਜਿਸਟ੍ਰੇਸ਼ਨ ਅਨੁਸਾਰ ਹੀ ਰਹੇਗੀ।  ਇਸ ਉਪਰੰਤ ਕਿਸਾਨ ਵੱਲੋਂ ਸਿਰਫ ਆਪਣੀ ਸਿੱਧੀ ਬਿਜਾਈ ਅਧੀਨ ਜ਼ਮੀਨ ਸਬੰਧੀ ਵੇਰਵਾ ਜਿਵੇਂ ਕਿ ਕਿਸਾਨ ਵੱਲੋਂ ਜ਼ਮੀਨ ਦਾ ਜਿਲ੍ਹਾ/ਤਹਿਸੀਲ—ਸਬ ਤਹਿਸੀਲ/ਪਿੰਡ/ਖੇਵਟ ਨੰਬਰ/ਖਸਰਾ ਨੰਬਰ ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ (ਕਨਾਲ/ਮਰਲਾ/ਬਿਘਾ ਜਾਂ ਬਿਸਵਾ) ਵਿੱਚ ਦਿੱਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਕਾਸ਼ਤਕਾਰ ਆਪਣੀ ਦਿੱਤੀ ਗਈ ਜਾਣਕਾਰੀ ਵਿੱਚ 30 ਜੂਨ 2024 ਤੱਕ ਐਡਿਟ/ਤਬਦੀਲੀ ਕਰ ਸਕਦੇ ਹਨ। ਝੋਨੇ ਦੀ ਸਿੱਧੀ ਬਿਜਾਈ ਦੀ ਪਹਿਲੀ ਤਸਦੀਕ 30 ਜੂਨ ਤੋਂ 15 ਜੁਲਾਈ 2024 ਤੱਕ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਕੀਤੀ ਜਾਵੇਗੀ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ  ਕਿ ਧਰਤੀ ਹੇਠਲੇ ਅਨਮੋਲ ਕੁਦਰਤੀ ਸਰੋਤ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦਿੱਤੀ ਜਾਵੇ, ਕਿਉਂਕਿ ਜਿਸ ਤੇਜੀ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ ਦਿਨ ਹੇਠਾਂ ਹੁੰਦਾ ਜਾ ਰਿਹਾ ਹੈ, ਜੇਕਰ ਇਸ ਨੂੰ ਰੋਕਣ ਲਈ ਹੁਣ ਵੀ ਅਸੀਂ ਸੁਚੇਤ ਨਾ ਹੋਏ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਨਜ਼ਦੀਕੀ ਦੇ ਖੇਤੀਬਾੜੀ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ।

NO COMMENTS