*ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਬਲਾਕ ਸਰਦੂਲਗੜ੍ਹ ਵਿਖੇ ਜਾਗਰੂਕਤਾ ਵੈਨ ਚਲਾਈ*

0
10

ਮਾਨਸਾ, 04 ਅਕਤੂਬਰ:(ਸਾਰਾ ਯਹਾਂ/ਮੁੱਖ ਸੰਪਾਦਕ ):
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੀਆਂ ਹਦਾਇਤਾਂ ਅਤੇ ਐਸ.ਡੀ.ਐਮ ਸਰਦੂਲਗੜ੍ਹ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਬਲਾਕ ਸਰਦੂਲਗੜ੍ਹ ਦੇ ਪਿੰਡ ਟਿੱਬੀ ਹਰੀ ਸਿੰਘ, ਸੰਘਾ ਅਤੇ ਬਰਨ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਏ ਗਏ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਡਾ. ਦਿਲਬਾਗ ਸਿੰਘ ਨੇ ਦਿੱਤੀ।
  ਉਨ੍ਹਾਂ ਦੱਸਿਆ ਕਿ ਪਰਾਲੀ ਪ੍ਰਬੰਧਨ ਸਬੰਧੀ ਚਲਾਏ ਗਏ ਅਭਿਆਨ ਤਹਿਤ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਹਰੇਕ ਪਿੰਡ ਦੇ ਘਰ-ਘਰ, ਗਲੀ, ਮੁਹੱਲੇ ਵਿੱਚ ਮੋਬਾਇਲ ਵੈਨ ਦੇ ਮਾਧਿਅਮ ਰਾਹੀਂ ਸੰਦੇਸ਼ ਦਿੱਤਾ ਜਾ ਰਿਹਾ ਹੈ।
ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਸਰਦੂਲਗੜ੍ਹ, ਸਾਧੂਵਾਲਾ, ਫੂਸਮੰਡੀ, ਸਰਦੂਲੇਵਾਲਾ, ਕਾਹਨੇਵਾਲਾ, ਭੂੰਦੜ, ਰੋੜਕੀ, ਝੰਡਾ ਖੁਰਦ, ਝੰਡਾ ਕਲਾਂ ਅਤੇ ਖੈਰਾ ਕਲਾਂ ਵਿੱਚ ਮੋਬਾਇਲ ਵੈਨ ਰਾਹੀਂ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਅਤੇ ਇਸੇ ਤਰਜ ’ਤੇ ਬਾਕੀ ਪਿੰਡਾਂ ਵਿੱਚ ਵੀ ਸਡਿਊਲ਼ ਅਨੁਸਾਰ ਦੌਰਾ ਕੀਤਾ ਜਾ ਰਿਹਾ ਹੈ।
ਖੇਤੀਬਾੜੀ ਵਿਕਾਸ ਅਫਸਰ ਸ੍ਰੀ ਸੁਲੇਖ ਅਮਨ ਕੁਮਾਰ ਮਹਿਲਾ ਦੁਆਰਾ ਕਿਸਾਨ ਸਿਖਲਾਈ ਕੈਂਪ ਵਿੱਚ ਤਕਨੀਕੀ ਸੈਸ਼ਨ ਦੌਰਾਨ ਪਰਾਲੀ ਦੇ ਯੋਗ ਪ੍ਰਬੰਧਨ ਦੇ ਤਰੀਕਿਆ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਪੁਰਜੋਰ ਅਪੀਲ ਕੀਤੀ। ਤਕਨੀਕੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਝੋਨੇ ਦੀ ਫਸਲ ਰਾਹੀਂ ਧਰਤੀ ਵਿੱਚੋਂ ਪ੍ਰਾਪਤ ਕੀਤੇ ਖੁਰਾਕੀ ਤੱਤਾਂ ਵਿੱਚੋਂ 25 ਫ਼ੀਸਦੀ ਨਾਈਟਰੋਜਨ/ਫਾਸਫੋਰਸ, 50 ਫ਼ੀਸਦੀ ਗੰਧਕ ਅਤੇ 75 ਫ਼ੀਸਦੀ ਪੋਟਾਸ਼ ਤੱਤ ਪਰਾਲੀ ਵਿੱਚ ਵੀ ਰਹਿ ਜਾਂਦੇ ਹਨ, ਜਿਸ ਕਰਕੇ ਕਿਸਾਨ ਆਪਣੀ ਜ਼ਮੀਨ ਲਈ ਪ੍ਰਤੀ ਟਨ ਨਾੜ ਵਿੱਚੋਂ 4 ਤੋਂ 5.5 ਕਿਲੋ ਨਾਈਟਰੋਜਨ 2 ਤੋਂ 2.5 ਕਿਲੋ ਫਾਸਫੋਰਸ, 15 ਤੋਂ 25 ਕਿਲੋ ਪੋਟਾਸ਼, 1.2 ਕਿਲੋ ਗੰਧਕ ਅਤੇ 400 ਕਿਲੋ ਜੈਵਿਕ ਕਾਰਬਨ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਸਿਹਤ ਦਾ ਨੁਕਸਾਨ ਹੁੰਦਾ ਹੈ ਉੱਥੇ ਹੀ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਜਿਸ ਨਾਲ ਸਾਹ ਦੀਆਂ ਬਿਮਾਰੀਆਂ ਵਿੱਚ ਵਾਧਾ ਹੁੰਦਾ ਹੈ।
ਉਨ੍ਹਾਂ ਕਿਸਾਨਾਂ ਨੂੰ 05 ਅਕਤੂਬਰ 2023 ਨੂੰ ਨਵੀਂ ਦਾਣਾ ਮੰਡੀ ਮਾਨਸਾ ਵਿਖੇ ਲਗਾਏ ਜਾ ਰਹੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿੱਚ ਵੱਧ ਤੋਂ ਵੱਧ ਹਾਜਿਰ ਹੋ ਕੇ ਸਾਇੰਸਦਾਨਾਂ ਵੱਲੋਂ ਵੱਖ ਵੱਖ ਫਸਲਾਂ ਸਬੰਧੀ ਦਿੱਤੀ ਜਾਣ ਵਾਲੀ ਤਕਨੀਕੀ ਜਾਣਕਾਰੀ ਦਾ ਲਾਹਾ ਲੈਣ ਦੀ ਅਪੀਲ ਕੀਤੀ।

NO COMMENTS