ਝੁਨੀਰ/ਸਰਦੂਲਗੜ੍ਹ(ਸਾਰਾ ਯਹਾਂ/ਮੁੱਖ ਸੰਪਾਦਕ) 31 ਮਾਰਚ:ਝੂਠ, ਲੁੱਟ ਤੇ ਨਫ਼ਰਤ ਦੀ ਵਿਚਾਰਧਾਰਾ ਨੂੰ ਲਾਗੂ ਕਰਦਿਆਂ ਹਿਟਲਰਸ਼ਾਹੀ ਸੋਚ ਰਾਹੀਂ ਸੰਵਿਧਾਨਕ ਸੰਸਥਾਵਾਂ ਦਾ ਘਾਂਣ ਕਰਕੇ ਦੇਸ਼ ਨੂੰ ਤੋੜਨ ਵਾਲੀ ਭਾਜਪਾ ਨੂੰ ਹਰਾਉਣਾ ਸਮੇਂ ਦੀ ਲੋੜ ਹੈ।ਹਰ ਵਰਗ ਦੇ ਲੋਕਾਂ ਉੱਪਰ ਤਾਨਾਸ਼ਾਹੀ ਰਵੱਈਏ ਅਤੇ ਸਹਿਮ ਦੇ ਮਾਹੌਲ ਵਾਲਾ ਵਾਤਾਵਰਣ ਸਿਰਜਿਆ ਜਾ ਰਿਹਾ ਹੈ। ਜੋ ਕਿ ਦੇਸ਼ ਦੇ ਭਵਿੱਖ, ਲੋਕਤੰਤਰ ਤੇ ਸੰਵਿਧਾਨ ਲਈ ਬਹੁਤ ਵੱਡਾ ਖਤਰਾ ਬਣਿਆ ਹੋਇਆ ਹੈ। ਦੇਸ਼ ਦੀ ਏਕਤਾ, ਲੋਕਤੰਤਰ ਅਤੇ ਸੰਵਿਧਾਨ ਦੇ ਸਨਮਾਨ ਨੂੰ ਬਹਾਲ ਰੱਖਣ ਲਈ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਅਤੀ ਜ਼ਰੂਰੀ ਬਣ ਚੁੱਕਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ. ਪੀ. ਆਈ. ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਸਿੰਘ ਚੌਹਾਨ ਨੇ ਝੁਨੀਰ ਵਿਖੇ ਮਜ਼ਦੂਰਾਂ ਦੀ ਮੀਟਿੰਗ ਮੌਕੇ ਸੰਬੋਧਨ ਕਰਦਿਆਂ ਕੀਤਾ।
ਸਾਥੀ ਚੌਹਾਨ ਨੇ ਬਾਬਾ ਸਾਹਿਬ ਡਾ. ਬੀ .ਆਰ. ਅੰਬੇਡਕਰ ਦੇ 133ਵੇਂ ਜਨਮ ਦਿਨ ਮੌਕੇ ਦੇਸ਼ ਦੇ ਲੋਕਾਂ ਨੂੰ ਤਾਨਾਸ਼ਾਹੀ ਸਰਕਾਰ ਨੂੰ ਰੱਦ ਕਰਨ ਅਤੇ ਭਾਜਪਾ ਭਜਾਓ-ਸੰਵਿਧਾਨ, ਲੋਕਤੰਤਰ ਤੇ ਦੇਸ਼ ਬਚਾਓ ਦੇ ਨਾਹਰੇ ਨੂੰ ਆਮ ਲੋਕਾਂ ਦੀ ਸਮਝ ਦਾ ਹਿੱਸਾ ਬਣਾ ਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਭਾਜਪਾ ਤੇ ਕਾਰਪੋਰੇਟਾ ਦੇ ਗੱਠਜੋੜ ਨੂੰ ਜਨਤਕ ਕਰਨ ਲਈ ਮਾਨਯੋਗ ਉੱਚ ਅਦਾਲਤ ਦੀ ਸਖ਼ਤੀ ਦੇ ਫੈਸਲੇ ਦਾ ਸਵਾਗਤ ਕਰਨਾ ਬਣਦਾ ਹੈ । ਭਾਜਪਾ ਵੱਲੋਂ ਲਏ ਇਲੈਕਸ਼ਨ ਬੌਂਡ ਨੂੰ ਜਨਤਕ ਨਾ ਕਰਕੇ ਆਪਣੇ ਭ੍ਰਿਸ਼ਟ ਲੋਕਾਂ ਦੀ ਜੁੰਡਲੀ ਹੋਣ ਦਾ ਸਬੂਤ ਦਿੱਤਾ ਹੈ।
ਕ੍ਰਿਸ਼ਨ ਚੌਹਾਨ ਨੇ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਨ ਮੌਕੇ ਲੋਕ ਜਾਗਰੂਕ ਮਾਰਚ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ। ਮੀਟਿੰਗ ਮੌਕੇ ਸ਼ਾਮਲ ਸਾਥੀਆਂ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।
ਇਸ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਮਾਨਸਾ, ਕ੍ਰਿਸ਼ਨ ਸਿੰਘ ਝੁਨੀਰ, ਰਜਿੰਦਰ ਸਿੰਘ ਝੁਨੀਰ,ਜੱਗਾ ਸਿੰਘ,ਰਾਜਾ ਰਾਮ ਆਦਿ ਨੇ ਸੰਬੋਧਨ ਕੀਤਾ।