*ਜੰਮੂ ਕਸ਼ਮੀਰ ਦੀਆਂ ਚੋਣਾਂ ਨੇ ‘ਬਿਪਤਾ’ ‘ਚ ਪਾਈ ਭਾਜਪਾ ! ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ 2 ਘੰਟਿਆਂ ‘ਚ ਹੀ ਲਈ ਵਾਪਸ, ਜਾਣੋ ਕੀ ਬਣੀ ਵਜ੍ਹਾ*

0
60

26 ਅਗਸਤ(ਸਾਰਾ ਯਹਾਂ/ਬਿਊਰੋ ਨਿਊਜ਼)ਜੰਮੂ-ਕਸ਼ਮੀਰ ‘ਚ 10 ਸਾਲ ਬਾਅਦ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਭਾਜਪਾ ਨੇ ਸੋਮਵਾਰ (26 ਅਗਸਤ) ਦੀ ਸਵੇਰ ਨੂੰ ਪਹਿਲੀ ਸੂਚੀ ਵੀ ਜਾਰੀ ਕੀਤੀ, ਪਰ ਕੁਝ ਸਮੇਂ ਬਾਅਦ ਇਸ ਨੂੰ ਵਾਪਸ ਲੈ ਲਿਆ ਗਿਆ।

ਭਾਜਪਾ ਨੇ ਸੋਮਵਾਰ (26 ਅਗਸਤ) ਨੂੰ ਜੰਮੂ ਤੇ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ ਵੱਖ-ਵੱਖ ਸੀਟਾਂ ਤੋਂ 44 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਹਾਲਾਂਕਿ, ਭਾਜਪਾ ਦੀ ਪਹਿਲੀ ਸੂਚੀ ਜਾਰੀ ਹੋਣ ਦੇ 2 ਘੰਟਿਆਂ ਦੇ ਅੰਦਰ ਹੀ ਵਾਪਸ ਲੈ ਲਈ ਗਈ ਸੀ। ਪਾਰਟੀ ਹੁਣ ਇਸ ਸੂਚੀ ਵਿੱਚ ਸੁਧਾਰ ਤੇ ਬਦਲਾਅ ਕਰਨ ਜਾ ਰਹੀ ਹੈ, ਜਿਸ ਤੋਂ ਬਾਅਦ ਉਮੀਦਵਾਰਾਂ ਦੀ ਨਵੀਂ ਸੂਚੀ ਜਨਤਕ ਕੀਤੀ ਜਾਵੇਗੀ।

ਦਰਅਸਲ, ਸਵੇਰੇ ਕਰੀਬ 10 ਵਜੇ ਭਾਜਪਾ ਦੀ ਸੂਚੀ ਜਾਰੀ ਕੀਤੀ ਗਈ, ਜਿਸ ਤੋਂ ਬਾਅਦ ਦੁਪਹਿਰ 12 ਵਜੇ ਇਸ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਗਿਆ। ਇਸ ਤਰ੍ਹਾਂ ਸਿਰਫ਼ 2 ਘੰਟਿਆਂ ਦੇ ਅੰਦਰ ਹੀ ਭਾਜਪਾ ਨੇ ਆਪਣੀ ਸੂਚੀ ਵਾਪਸ ਲੈ ਲਈ। ਹਾਲਾਂਕਿ ਜਦੋਂ ਤੋਂ ਇਹ ਲਿਸਟ ਸਾਹਮਣੇ ਆਈ ਹੈ, ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਬਦਲਾਅ ਕੀਤੇ ਜਾ ਸਕਦੇ ਹਨ। ਅਜਿਹਾ ਕਰਨ ਲਈ ਸੂਚੀ ਨੂੰ ਵਾਪਸ ਵੀ ਲਿਆ ਜਾ ਸਕਦਾ ਹੈ। ਅਜਿਹਾ ਕੁਝ ਹੀ ਘੰਟਿਆਂ ਵਿੱਚ ਹੋਇਆ ਅਤੇ ਪਾਰਟੀ ਨੇ ਜੰਮੂ-ਕਸ਼ਮੀਰ ਚੋਣਾਂ ਲਈ ਪਹਿਲੀ ਸੂਚੀ ਵਾਪਸ ਲੈਣ ਦਾ ਫੈਸਲਾ ਕੀਤਾ।

ਜ਼ਿਕਰ ਕਰ ਦਈਏ ਕਿ 3 ਮਸ਼ਹੂਰ ਚਿਹਰਿਆਂ, ਦੋ ਸਾਬਕਾ ਉਪ ਮੁੱਖ ਮੰਤਰੀ ਨਿਰਮਲ ਸਿੰਘ, ਕਵਿੰਦਰ ਗੁਪਤਾ ਅਤੇ ਜੰਮੂ-ਕਸ਼ਮੀਰ ਦੇ ਪਾਰਟੀ ਪ੍ਰਧਾਨ ਰਵਿੰਦਰ ਰੈਨਾ ਦੇ ਨਾਂਅ ਹਟਾਈ ਗਈ ਸੂਚੀ ਵਿੱਚ ਨਹੀਂ ਹਨ।  ਜੰਮੂ-ਕਸ਼ਮੀਰ ਦੀਆਂ 90 ਸੀਟਾਂ ਲਈ 18 ਸਤੰਬਰ ਤੋਂ 1 ਅਕਤੂਬਰ ਤੱਕ 3 ਪੜਾਵਾਂ ‘ਚ ਵੋਟਿੰਗ ਹੋਵੇਗੀ। ਨਤੀਜੇ 4 ਅਕਤੂਬਰ 2024 ਨੂੰ ਆਉਣਗੇ। ਜਿੱਤ ਲਈ ਬਹੁਮਤ ਦਾ ਅੰਕੜਾ 46 ਹੈ। ਜੰਮੂ-ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਵ 10 ਸਾਲ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।

NO COMMENTS