29,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼): : ਰੂਸ ਨੇ ਇਸ ਗੱਲ ਦਾ ਵੇਰਵਾ ਜਾਰੀ ਕੀਤਾ ਹੈ ਕਿ ਹੁਣ ਤੱਕ ਜੰਗ ਵਿੱਚ ਯੂਕਰੇਨ ਨੂੰ ਕਿੰਨਾ ਨੁਕਸਾਨ ਹੋਇਆ ਹੈ। ਰੂਸ ਨੇ ਦਾਅਵਾ ਕੀਤਾ ਹੈ ਕਿ 28 ਮਾਰਚ ਤੱਕ ਉਸ ਨੇ ਯੂਕਰੇਨ ਦੇ 123 ਜਹਾਜ਼, 74 ਹੈਲੀਕਾਪਟਰ ਤਬਾਹ ਕਰ ਦਿੱਤੇ ਹਨ। ਇਸ ਤੋਂ ਇਲਾਵਾ 309 ਮਾਨਵ ਰਹਿਤ ਜਹਾਜ਼, 172 ਮਲਟੀਪਲ ਲਾਂਚ ਰਾਕੇਟ ਸਿਸਟਮ, 1568 ਵਿਸ਼ੇਸ਼ ਫੌਜੀ ਆਟੋਮੋਟਿਵ ਉਪਕਰਨ, 721 ਫੀਲਡ ਆਰਟਿਲਰੀ ਅਤੇ ਮੋਰਟਾਰ, 1721 ਟੈਂਕ ਅਤੇ ਹੋਰ ਬਖਤਰਬੰਦ ਵਾਹਨਾਂ ਨੂੰ ਵੀ ਨਸ਼ਟ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਜਿਵੇਂ-ਜਿਵੇਂ ਦਿਨ ਵਧਦੇ ਜਾ ਰਹੇ ਹਨ, ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵੀ ਖ਼ਤਰਨਾਕ ਹੁੰਦੀ ਜਾ ਰਹੀ ਹੈ। ਰੂਸ ਵੱਲੋਂ ਲਗਾਤਾਰ ਹਮਲਾਵਰ ਰੁਖ਼ ਅਪਣਾਇਆ ਜਾ ਰਿਹਾ ਹੈ ਅਤੇ ਰੂਸ ਦੇ ਬੰਬ ਧਮਾਕਿਆਂ ਅਤੇ ਹਵਾਈ ਹਮਲਿਆਂ ਵਿੱਚ ਯੂਕਰੇਨ ਦੇ ਆਮ ਲੋਕ ਮਾਰੇ ਜਾ ਰਹੇ ਹਨ। ਸਭ ਤੋਂ ਮਾੜੀ ਸਥਿਤੀ ਮਾਰੀਉਪੋਲ ਸ਼ਹਿਰ ਦੀ ਹੈ। ਇੱਥੇ ਮੁਰਦਿਆਂ ਨੂੰ ਕਬਰਸਤਾਨਾਂ ਵਿੱਚ ਲਿਜਾਣਾ ਸੰਭਵ ਨਹੀਂ ਹੈ। ਮਜਬੂਰੀ ਵਿੱਚ ਇਨ੍ਹਾਂ ਲਾਸ਼ਾਂ ਨੂੰ ਪਾਰਕਾਂ ਅਤੇ ਸਕੂਲਾਂ ਵਿੱਚ ਦਫ਼ਨਾਉਣਾ ਪੈਂ ਰਿਹਾ ਹੈ। ਕਈ ਲਾਸ਼ਾਂ ਇਸ ਤਰ੍ਹਾਂ ਹੀ ਪਈਆਂ ਹਨ। ਇਹ ਸ਼ਹਿਰ ਇੰਨਾ ਬਰਬਾਦ ਹੋ ਗਿਆ ਹੈ ਕਿ ਇਸ ਦੀ ਤੁਲਨਾ ਸੀਰੀਆ ਦੇ ਅਲੈਪੋ ਸ਼ਹਿਰ ਨਾਲ ਕੀਤੀ ਜਾਣ ਲੱਗੀ ਹੈ।
ਸੰਚਾਰ ਸੇਵਾ ਪੂਰੀ ਤਰ੍ਹਾਂ ਬੰਦ
ਰਿਪੋਰਟ ਮੁਤਾਬਕ ਮਾਰੀਉਪੋਲ ‘ਚ ਸੰਚਾਰ ਸੇਵਾ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਜਿਨ੍ਹਾਂ ਨੇ ਬੰਕਰਾਂ ‘ਚ ਸ਼ਰਨ ਲਈ ਹੋਈ ਹੈ, ਜੇਕਰ ਕੋਈ ਖਾਣਾ ਜਾਂ ਹੋਰ ਜ਼ਰੂਰੀ ਸਾਮਾਨ ਲੈਣ ਲਈ ਬਾਹਰ ਜਾਂਦਾ ਹੈ ਅਤੇ ਕਾਫੀ ਦੇਰ ਬਾਅਦ ਵਾਪਸ ਨਹੀਂ ਆਉਂਦਾ ਤਾਂ ਉਨ੍ਹਾਂ ਦੇ ਆਪਣੇ ਹੀ ਲੋਕ ਕਿਸੇ ਅਣਸੁਖਾਵੀਂ ਘਟਨਾ ਦੇ ਡਰੋਂ ਰੋਣ ਲੱਗ ਜਾਂਦੇ ਹਨ। ਕਿਸੇ ਨੂੰ ਕੋਈ ਖ਼ਬਰ ਨਹੀਂ ਮਿਲ ਰਹੀ। ਇਹ ਸ਼ਹਿਰ ਦੇਸ਼ ਅਤੇ ਦੁਨੀਆ ਨਾਲੋਂ ਪੂਰੀ ਤਰ੍ਹਾਂ ਕੱਟ ਗਿਆ ਹੈ। ਸ਼ੋਸ਼ਲ ਮੀਡੀਆ ਰਾਹੀਂ ਹੀ ਪਿਆਰਿਆਂ ਦੀਆਂ ਨਿੱਕੀਆਂ-ਨਿੱਕੀਆਂ ਖ਼ਬਰਾਂ ਮਿਲ ਰਹੀਆਂ ਹਨ।
ਇਸ ਦੇ ਨਾਲ ਹੀ ਲੱਖਾਂ ਯੂਕਰੇਨੀ ਔਰਤਾਂ ਅਤੇ ਬੱਚੇ ਦੂਜੇ ਦੇਸ਼ਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਹਨ। ਜੰਗ ਤੋਂ ਆਪਣਾ ਬਚਾਅ ਕਰਨਾ ਖਤਰਨਾਕ ਹੁੰਦਾ ਜਾ ਰਿਹਾ ਹੈ। ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਯੂਕਰੇਨੀ ਸ਼ਰਨਾਰਥੀ ਔਰਤਾਂ ਅਤੇ ਲੜਕੀਆਂ ਨਾਲ ਉਨ੍ਹਾਂ ਥਾਵਾਂ ‘ਤੇ ਬਲਾਤਕਾਰ ਕੀਤਾ ਜਾ ਰਿਹਾ ਹੈ ਜਿੱਥੇ ਉਹ ਸੁਰੱਖਿਆ ਦੀ ਉਮੀਦ ਵਿੱਚ ਪਹੁੰਚੀਆਂ ਸੀ। 24 ਫਰਵਰੀ, 2022 ਦੇ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਛੱਡਣ ਵਾਲੇ 3.6 ਮਿਲੀਅਨ ਯੂਕਰੇਨੀਆਂ ਚੋਂ ਲਗਪਗ ਸਾਰੀਆਂ ਔਰਤਾਂ ਅਤੇ ਬੱਚੇ ਹਨ। 18 ਤੋਂ 60 ਸਾਲ ਦੀ ਉਮਰ ਦੇ ਮਰਦਾਂ ਅਤੇ ਲੜਕਿਆਂ ਨੂੰ ਰੂਸੀ ਫੌਜਾਂ ਦੇ ਖਿਲਾਫ ਦੇਸ਼ ਦੀ ਰੱਖਿਆ ਕਰਨ ਲਈ ਯੂਕਰੇਨ ਵਿੱਚ ਰਹਿਣਾ ਜ਼ਰੂਰੀ ਹੈ।