ਜੇ ਨਾ ਵੰਡਿਆ ਜਾਂਦਾ ਪੰਜਾਬ ਤਾਂ ਅੱਜ ਦਿੱਲੀ ਦੂਰ ਨਹੀਂ ਸੀ….ਵੰਡ ਦੇ ਜ਼ਖ਼ਮ ਫਿਰ ਤਰੋਤਾਜ਼ਾ

0
40

ਚੰਡੀਗੜ੍ਹ 26 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬੀਆਂ ਨੇ ਹਮੇਸ਼ਾਂ ਹਰ ਲੜਾਈ ਹਰ ਅੰਦੋਲਨ ‘ਚ ਵਧ ਚੜ੍ਹ ਕੇ ਹਿੱਸਾ ਲਿਆ ਤੇ ਹੁਣ ਇੱਕ ਵਾਰ ਫਿਰ ਕਿਸਾਨ ਅੰਦੋਲਨ ‘ਚ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਦੀ ਗੂੰਜ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਤਕ ਹੈ। ਅਖਬਾਰਾਂ ਦੇ ਪੰਨੇ, ਟੀਵੀ ਚੈਨਲਾਂ ਦੇ ਪ੍ਰੋਗਰਾਮ ਤੇ ਸੋਸ਼ਲ ਮੀਡੀਆ ‘ਤੇ ਇਨੀਂ ਦਿਨੀਂ ਚਰਚਾ ਪੰਜਾਬ ਦੇ ਅੰਨਦਾਤਾ ਦੀ ਹੈ। ਪੰਜਾਬੀਆਂ ਦੇ ਹੌਸਲੇ ਏਨੇ ਬੁਲੰਦ ਕਿ ਜਦੋਂ ਆਪਣੇ ਸੂਬੇ ‘ਚ ਬੈਠਿਆਂ ਦੀ ਗੱਲ ਕੇਂਦਰ ਨੇ ਅਣਸੁਣੀ ਕੀਤੀ ਤਾਂ ਇਨ੍ਹਾਂ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਲਿਆ।

ਕਈ ਦਿਨਾਂ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਜੋ ਮਿੱਥੇ ਸਮੇਂ ‘ਤੇ ਮੁਕੰਮਲ ਹੋ ਗਈਆਂ। ਠੰਢ, ਮੀਂਹ ਹਰ ਔਕੜ ਨੂੰ ਨਜ਼ਰ ਅੰਦਾਜ਼ ਕਰਦਿਆਂ ਔਰਤਾਂ ਸਣੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਵੱਲ ਵਹੀਰਾਂ ਘੱਤੀਆਂ ਪਰ ਇਸ ਦਰਮਿਆਨ ਕਿਸਾਨਾਂ ਦੇ ਰਾਹ ‘ਚ ਅੜਿੱਕਾ ਬਣਿਆ ਹਰਿਆਣਾ। ਜਿਸ ਨੇ ਪੰਜਾਬ ਨੂੰ ਵਾਰ-ਵਾਰ ਵੰਡੇ ਜਾਣ ਦੇ ਜ਼ਖ਼ਮ ਇੱਕ ਵਾਰ ਫਿਰ ਤਰੋਤਾਜ਼ਾ ਕਰ ਦਿੱਤੇ। ਕਿਉਂਕਿ ਜੇਕਰ ਪੰਜਾਬ ਦੀ ਵੰਡ 1966 ‘ਚ ਨਾ ਹੋਈ ਹੁੰਦੀ ਤਾਂ ਅੱਜ ਪੰਜਾਬੀਆਂ ਲਈ ਦਿੱਲੀ ਏਨੀ ਦੂਰ ਨਾ ਹੁੰਦੀ।

ਅੱਜ ਹਰਿਆਣਾ ਕਿਸਾਨ ਅੰਦੋਲਨ ‘ਚ ਵੱਡਾ ਅੜਿੱਕਾ ਬਣ ਬੈਠਾ ਹੈ ਜੋ 1966 ਤੋਂ ਪਹਿਲਾਂ ਪੰਜਾਬ ਦਾ ਹਿੱਸਾ ਸੀ। ਪੰਜਾਬ ‘ਚੋਂ ਹੀ ਨਿੱਕਲਿਆ ਹਰਿਆਣਾ ਅੱਜ ਪੰਜਾਬੀਆਂ ਨੂੰ ਅੱਖਾਂ ਦਿਖਾ ਰਿਹਾ ਹੈ ਤੇ ਆਕੜ ਕੇ ਖੜਾ ਹੈ ਪਰ ਸ਼ਾਇਦ ਹਰਿਆਣਾ ਇਹ ਨਹੀਂ ਜਾਣਦਾ ਕਿ ਪੰਜਾਬ ਨੇ ਬੇਨਤੀ ਤਾਂ ਹਰ ਲੋੜਵੰਦ ਦੀ ਸਵੀਕਾਰ ਕੀਤੀ ਪਰ ਆਕੜ ਤਾਂ ਵੱਡੇ-ਵੱਡਿਆਂ ਦੀ ਨਹੀਂ ਮੰਨੀ ਤੇ ਆਕੜ ਭੰਨਣੀ ਪੰਜਾਬੀ ਬਾਖੂਬੀ ਜਾਣਦੇ ਹਨ।

ਅੱਜ 26 ਨਵੰਬਰ ਹੈ ਤੇ ਅੱਜ ਉਹ ਇਤਿਹਾਸ ਰਚਿਆ ਜਾਵੇਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਇਸ ਇਤਿਹਾਸ ‘ਚ ਹਰਿਆਣਾ ਆਪਣਾ ਨਾਂਅ ਉਨ੍ਹਾਂ ‘ਚ ਦਰਜ ਕਰਾਵੇਗਾ ਜੋ ਸਭ ਕੁਝ ਲੈਕੇ ਵੀ  ਅਹਿਸਾਨ ਫਰਾਮੋਸ਼ ਹੋ ਜਾਂਦੇ ਹਨ। ਕਿਉਂਕਿ ਹਰਿਆਣੇ ਦੀ ਧਰਤੀ, ਪਾਣੀ ਸਭ ਪੰਜਾਬ ਨੇ ਆਪਣੀ ਹਿੱਕ ‘ਚੋਂ ਕੱਢ ਕੇ ਦਿੱਤਾ ਹੈ।

ਕਦੋਂ-ਕਦੋਂ ਵੰਡਿਆਂ ਗਿਆ ਪੰਜਾਬ

ਦੇਸ਼ ਦੀ ਵੰਡ ਇੱਕ ਵਾਰ ਹੋਈ ਪਰ ਪੰਜਾਬ ਦੇ ਟੋਟੇ ਕਈ ਵਾਰ ਹੋਏ। ਸੰਨ 1947 ‘ਚ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਭਾਰਤ-ਪਾਕਿਸਤਾਨ ‘ਚ ਵੰਡਿਆ ਗਿਆ। ਉਸ ਵੇਲੇ ਪੰਜ-ਆਬਾਂ ਦੀ ਧਰਤੀ ਪੰਜਾਬ ਦੇ ਦੋ ਟੋਟੇ ਹੋ ਗਏ। ਇਹ ਉਹ ਸਮਾਂ ਸੀ ਜਦੋਂ ਅੱਧੇ ਤੋਂ ਵੱਧ ਪੰਜਾਬ ਪਾਕਿਸਤਾਨ ਵੱਲ ਚਲਾ ਗਿਆ। ਦੁਨੀਆਂ ‘ਚ ਦੋ ਪੰਜਾਬ, ‘ਲਹਿੰਦਾ ਪੰਜਾਬ’ ਪਾਕਿਸਤਾਨ ਤੇ ‘ਚੜ੍ਹਦਾ ਪੰਜਾਬ’ ਭਾਰਤ ‘ਚ ਵੱਸ ਗਏ।

ਪੰਜਾਬ ਸੱਭਿਆਚਾਰਕ ਮੁਲਕ ਤੇ ਸੱਭਿਆਤਾਵਾਂ ਨੂੰ ਜਨਮ ਦੇਣ ਵਾਲੀ ਸਰਜ਼ਮੀਨ ਦਾ ਨਾਂ ਹੈ ਪਰ ਜਿਸ ਤਰ੍ਹਾਂ ਪੰਜਾਬ ਦੇ ਕਈ ਵਾਰ ਟੋਟੇ ਹੋਏ, ਇਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਵੱਡਾ ਦੁਖਾਂਤ ਸੀ। ਪੰਜਾਬ ਦੀ ਵੰਡ ਦਾ ਸਿਲਸਿਲਾ ਇੱਥੇ ਹੀ ਖ਼ਤਮ ਨਹੀਂ ਹੋਇਆ। ਇਸ ਤੋਂ ਬਾਅਦ ਪੰਜਾਬੀ ਸੂਬੇ ਦੀ ਮੰਗ ਉਠੀ।

ਪੰਜਾਬ ਨਾਲ ਇੱਕ ਵਾਰ ਫਿਰ ਜੱਗੋਂ ਤੇਰ੍ਹਵੀਂ ਹੋਈ ਤੇ ਪੰਜਾਬੀ ਸੂਬੇ ਦਾ 65 ਫ਼ੀਸਦੀ ਇਲਾਕਾ ਪੰਜਾਬ ਵਿੱਚੋਂ ਕੱਢ ਦਿੱਤਾ ਗਿਆ ਤੇ ਸਿਰਫ਼ 35 ਫ਼ੀਸਦੀ ਇਲਾਕਾ ਪੰਜਾਬ ਨੂੰ ਦਿੱਤਾ ਗਿਆ ਸੀ। ਇਸ ਵੇਲੇ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦਾ ਖੇਤਰ ਪੰਜਾਬ ਤੋਂ ਵੱਖ ਕਰ ਦਿੱਤਾ ਗਿਆ। ਆਖਰ ਪਹਿਲੀ ਨਵੰਬਰ, 1966 ਨੂੰ ਆਧੁਨਿਕ ਪੰਜਾਬ ਹੋਂਦ ‘ਚ ਆਇਆ ਸੀ।

NO COMMENTS