ਚੰਡੀਗੜ੍ਹ 15,ਅਪ੍ਰੈਲ (ਸਾਰਾ ਯਹਾਂ /ਬਿਓਰੋ ਰਿਪੋਰਟ): ਪਿਛਲੇ ਸਾਲ ਹੀ ਲਾਗੂ ਹੋਏ ਸੋਧੇ ਹੋਏ ਮੋਟਰ ਵਾਹਨ ਐਕਟ ਤੋਂ ਬਾਅਦ ਟ੍ਰੈਫਿਕ ਪੁਲਿਸ ਵੀ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਪੁਲਿਸ ਨਵੇਂ ਐਕਟ ਮੁਤਾਬਕ ਚਲਾਨ ਕੱਟ ਰਹੀ ਹੈ ਪਰ ਜੇ ਕੋਈ ਟ੍ਰੈਫਿਕ ਪੁਲਿਸ ਤੁਹਾਨੂੰ ਰੋਕਦੀ ਹੈ, ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਤੁਹਾਡੇ ਵੀ ਕੁਝ ਅਧਿਕਾਰ ਹਨ, ਜੋ ਕਾਨੂੰਨ ਤੁਹਾਨੂੰ ਦਿੰਦਾ ਹੈ। ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ‘ਤੇ ਵੀ ਕੁਝ ਬੰਦਸ਼ਾਂ ਹਨ, ਜਿਨ੍ਹਾਂ ਦਾ ਪਾਲਣ ਕਰਨਾ ਉਨ੍ਹਾਂ ਲਈ ਲਾਜ਼ਮੀ ਹੈ। ਜਾਣੋ ਤੁਹਾਡੇ ਅਧਿਕਾਰਾਂ ਬਾਰੇ:-
ਟ੍ਰੈਫਿਕ ਪੁਲਿਸ ਕੀ ਮੰਗ ਸਕਦੀ ਹੈ?
ਜੇ ਕੋਈ ਟ੍ਰੈਫਿਕ ਪੁਲਿਸ ਤੁਹਾਨੂੰ ਰੋਕਦੀ ਹੈ, ਤਾਂ ਉਹ ਤੁਹਾਡੇ ਤੋਂ ਪਹਿਲਾਂ ਡਰਾਈਵਿੰਗ ਲਾਇਸੈਂਸ ਦੀ ਮੰਗ ਕਰੇਗੀ। ਇਸ ਲਈ ਹਮੇਸ਼ਾਂ ਆਪਣੇ ਕੋਲ ਲਾਇਸੈਂਸ ਰੱਖੋ। ਹੇਠਾਂ ਦਿੱਤੇ ਦਸਤਾਵੇਜ਼ਾਂ ਦੀ ਅਸਲ ਕਾਪੀ ਰੱਖਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਆਵਾਜਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਆਦੇਸ਼ ਮੁਤਾਬਕ Digilocker ਜਾਂ mParivahan ਐਪ ਵਿੱਚ ਰੱਖੇ ਦਸਤਾਵੇਜ਼ ਵੀ ਜਾਇਜ਼ ਹਨ। ਜੇ ਤੁਸੀਂ ਮੋਬਾਈਲ ‘ਚ ਸੇਵ ਕੀਤੇ ਦਸਤਾਵੇਜ਼ਾਂ ਦੀਆਂ ਫੋਟੋਆਂ ਦਿਖਾਉਂਦੇ ਹੋ, ਤਾਂ ਉਹ ਅਵੈਧ ਹਨ।
1. ਰਜਿਸਟ੍ਰੇਸ਼ਨ ਸਰਟੀਫਿਕੇਟ (RC)
2. ਪ੍ਰਦੂਸ਼ਣ ਅੰਡਰ ਕੰਟਰੋਲ ਸਰਟੀਫਿਕੇਟ (PUC)
3. ਡ੍ਰਾਇਵਿੰਗ ਲਾਇਸੈਂਸ (DL)
4. ਕਾਰ ਬੀਮਾ ਪਾਲਸੀ ਦਸਤਾਵੇਜ਼
ਟ੍ਰੈਫਿਕ ਪੁਲਿਸ ਦੇ ਕੀ ਅਧਿਕਾਰ
1. ਜੇ ਟ੍ਰੈਫਿਕ ਪੁਲਿਸ ਤੁਹਾਨੂੰ ਰੋਕਦੀ ਹੈ ਤੇ ਸ਼ੱਕੀ ਲੱਗਣ ‘ਤੇ ਤੁਹਾਡੇ ਤੋਂ ਉੱਪਰ ਦੱਸੇ ਦਸਤਾਵੇਜ਼ਾਂ ਦੀ ਮੰਗ ਕੀਤੀ ਜਾ ਸਕਦੀ ਹੈ।
2. ਜੇ ਤੁਸੀਂ ਨਿਯਮ ਦੀ ਉਲੰਘਣਾ ਕੀਤੀ ਹੈ ਤਾਂ ਟ੍ਰੈਫਿਕ ਕਰਮਚਾਰੀ ਤੁਹਾਡੇ ਵਾਹਨ ਨੂੰ ਜ਼ਬਤ ਕਰ ਸਕਦਾ ਹੈ।
3. ਟ੍ਰੈਫਿਕ ਪੁਲਿਸ ਅਧਿਕਾਰੀ ਨੂੰ ਤੁਹਾਡਾ ਲਾਇਸੈਂਸ ਜ਼ਬਤ ਕਰਨ ਦਾ ਅਧਿਕਾਰ ਹੈ, ਪਰ ਬਦਲੇ ਵਿੱਚ ਉਹ ਤੁਹਾਨੂੰ ਇੱਕ ਰਸੀਦ ਵੀ ਦੇਵੇਗਾ।
4. ਜੇ ਤੁਸੀਂ ਵਾਹਨ ਚਲਾਉਂਦੇ ਸਮੇਂ ਸੀਮਤ ਮਾਤਰਾ ਵਿੱਚ ਅਲਕੋਹਲ ਜਾਂ ਕਿਸੇ ਵੀ ਵਰਜਿਤ ਨਸ਼ੀਲੇ ਪਦਾਰਥ ਦਾ ਸੇਵਨ ਕੀਤਾ ਹੈ, ਤਾਂ ਤੁਹਾਨੂੰ ਬਗੈਰ ਵਾਰੰਟ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਹੁਣ ਜਾਣੋ ਤੁਹਾਡੇ ਅਧਿਕਾਰ ਕੀ ਹਨ?
ਜੇ ਟ੍ਰੈਫਿਕ ਪੁਲਿਸ ਵਾਲਾ ਤੁਹਾਨੂੰ ਰੋਕਦਾ ਹੈ, ਤਾਂ ਤੁਸੀਂ ਉਸ ਦਾ ਪਛਾਣ ਪੱਤਰ ਪੁੱਛ ਸਕਦੇ ਹੋ, ਤੁਸੀਂ ਉਸ ਦਾ ਬੈਲਟ ਨੰਬਰ ਜਾਂ ਨਾਂ ਨੋਟ ਕਰ ਸਕਦੇ ਹੋ, ਜੇ ਬੈਲਟ ਨਹੀਂ ਹੈ, ਤਾਂ ਤੁਸੀਂ ਇੱਕ ਆਈਡੀ ਕਾਰਡ ਦੀ ਮੰਗ ਕਰ ਸਕਦੇ ਹੋ। ਜੇ ਪੁਲਿਸ ਕਰਮਚਾਰੀ ਇਨ੍ਹਾਂ ਸਾਰੀਆਂ ਗੱਲਾਂ ਤੋਂ ਇਨਕਾਰ ਕਰ ਦਿੰਦਾ ਹੈ, ਤਾਂ ਤੁਹਾਨੂੰ ਦਸਤਾਵੇਜ਼ ਨਾ ਦਿਖਾਉਣ ਦਾ ਅਧਿਕਾਰ ਹੈ।
ਮੋਟਰ ਵਹੀਕਲ ਐਕਟ ਦੀ ਧਾਰਾ 130 ਮੁਤਾਬਕ, ਜੇ ਕੋਈ ਪੁਲਿਸ ਅਧਿਕਾਰੀ ਤੁਹਾਨੂੰ ਦਸਤਾਵੇਜ਼ ਦਿਖਾਉਣ ਲਈ ਕਹਿੰਦਾ ਹੈ, ਤਾਂ ਤੁਹਾਨੂੰ ਸਿਰਫ ਲਾਇਸੈਂਸ ਦਿਖਾਉਣਾ ਪਏਗਾ। ਬਾਕੀ ਦਸਤਾਵੇਜ਼ ਦਿਖਾਉਣਾ ਤੁਹਾਡੀ ਇੱਛਾ ‘ਤੇ ਨਿਰਭਰ ਕਰਦਾ ਹੈ। ਇਸ ਦੇ ਨਾਲ ਹੀ ਕਾਗਜ਼ਾਤ ਦੀ ਮੰਗ ਕਰਨ ਵਾਲਾ ਸਮਰੱਥ ਅਧਿਕਾਰੀ ਵਰਦੀ ‘ਚ ਹੋਣਾ ਚਾਹੀਦਾ ਹੈ।
ਜੇ ਪੁਲਿਸ ਅਧਿਕਾਰੀ ਤੁਹਾਡਾ ਲਾਇਸੈਂਸ ਜ਼ਬਤ ਕਰ ਲੈਂਦਾ ਹੈ, ਤਾਂ ਤੁਹਾਨੂੰ ਟ੍ਰੈਫਿਕ ਪੁਲਿਸ ਵਿਭਾਗ ਤੋਂ ਰਸੀਦ ਦੀ ਮੰਗ ਕਰਨ ਦਾ ਅਧਿਕਾਰ ਹੈ।
ਜੇ ਤੁਸੀਂ ਕਾਰ ਦੇ ਅੰਦਰ ਬੈਠੇ ਹੋ, ਤਾਂ ਟ੍ਰੈਫਿਕ ਪੁਲਿਸ ਤੁਹਾਡੇ ਵਾਹਨ ਨੂੰ ਕਰੇਨ ਨਾਲ ਨਹੀਂ ਖਿੱਚ ਸਕਦੀ।
ਜੇ ਤੁਹਾਨੂੰ ਲੱਗਦਾ ਹੈ ਕਿ ਟ੍ਰੈਫਿਕ ਦੇ ਪੁਲਿਸ ਮੁਲਾਜ਼ਮਾਂ ਨੇ ਜਾਂਚ ਦੌਰਾਨ ਤੁਹਾਡੇ ਨਾਲ ਸਹੀ ਢੇਗ ਨਾਲ ਪੇਸ਼ ਨਹੀਂ ਆਇਆ, ਜਾਂ ਗਲਤ ਵਿਵਹਾਰ ਕੀਤਾ ਹੈ, ਤਾਂ ਤੁਸੀਂ ਨੇੜੇ ਦੇ ਪੁਲਿਸ ਸਟੇਸ਼ਨ ਜਾਂ ਆਨਲਾਈਨ ਸ਼ਿਕਾਇਤ ਕਰ ਸਕਦੇ ਹੋ।
ਟ੍ਰੈਫਿਕ ਪੁਲਿਸ ਕਰਮਚਾਰੀ ਸਿਰਫ ਤੁਹਾਡਾ ਚਲਾਨ ਕੱਟ ਸਕਦਾ ਹੈ ਜੇ ਉਸ ਕੋਲ ਸਰਕਾਰ ਵਲੋਂ ਜਾਰੀ ਕੀਤੀ ਗਈ ਚਲਾਨ ਦੀ ਕਿਤਾਬ ਜਾਂ ਈ-ਚਲਾਨ ਮਸ਼ੀਨ ਹੈ।
ਜੇ ਚਲਾਨ ਕੱਟਣ ਵਾਲਾ ਪੁਲਿਸ ਮੁਲਾਜ਼ਮ ਸਬ ਇੰਸਪੈਕਟਰ ਜਾਂ ਇਸ ਤੋਂ ਉੱਪਰ ਦਾ ਦਰਜਾ ਰੱਖਦਾ ਹੈ, ਤਾਂ ਤੁਸੀਂ ਚਲਾਨ ਦੀ ਰਕਮ ਮੌਕੇ ‘ਤੇ ਜਮ੍ਹਾ ਕਰ ਸਕਦੇ ਹੋ।
ਪੁਲਿਸ ਅਧਿਕਾਰੀ ਤੁਹਾਨੂੰ ਜਾਂਚ ਦੇ ਦੌਰਾਨ ਕਾਰ ਤੋਂ ਬਾਹਰ ਆਉਣ ਲਈ ਮਜਬੂਰ ਨਹੀਂ ਕਰ ਸਕਦਾ ਤੇ ਨਾ ਹੀ ਜ਼ਬਰਦਸਤੀ ਤੁਹਾਡੀ ਕਾਰ ਦੀ ਚਾਬੀ ਖੋਹ ਸਕਦਾ ਹੈ।