*ਜੇ ਖੇਤੀ ਮੋਟਰਾਂ ਦੀ ਲਾਈਟ ਵਿੱਚ ਸੁਧਾਰ ਨਾ ਹੋਇਆ ਤਾਂ ਬਿਜਲੀ ਘਰਾਂ ਮੂਹਰੇ ਦੇਵਾਂਗੇ ਧਰਨੇ – ਭਾਕਿਯੂ (ਏਕਤਾ) ਡਕੌਂਦਾ*

0
17

ਮਾਨਸਾ 12 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ)ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਮੀਟਿੰਗ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਵਿੱਚ ਹੋਈ । ਮੀਟਿੰਗ ਵਿੱਚ ਬਹੁਤ ਸਾਰੇ ਕਿਸਾਨੀ ਮਸਲਿਆਂ ਤੋਂ ਇਲਾਵਾ ਪਿਛਲੇ ਚਾਰ ਪੰਜ ਦਿਨਾਂ ਤੋਂ ਖੇਤੀ ਮੋਟਰਾਂ ਦੀ ਸਪਲਾਈ ਦੇ ਉੱਤੇ ਲੱਗ ਰਹੇ ਬੇਲੋੜੇ ਕੱਟਾਂ ਅਤੇ ਅੱਠ ਘੰਟੇ ਸਪਲਾਈ ਦੀ ਜਗ੍ਹਾ 3-4 ਘੰਟੇ ਦਿੱਤੀ ਜਾ ਰਹੀ ਬਿਜਲੀ ਸਪਲਾਈ ਅਤੇ ਕੋਈ ਸਮਾਂ ਨਿਯਤ ਨਾ ਹੋਣ ਉੱਤੇ ਵੀ ਵਿਚਾਰ ਹੋਈ । ਪੰਜਾਬ ਭਰ ਵਿੱਚ ਲਗਭਗ ਸਾਰੀ ਝੋਨੇ ਦੀ ਫਸਲ ਲੱਗ ਚੁੱਕੀ ਹੈ ਅਤੇ ਬਿਜਲੀ ਸਪਲਾਈ ਨਿਰੰਤਰ ਨਾ ਆਉਣ ਕਾਰਨ ਕਿਸਾਨਾਂ ਨੂੰ ਚਿੰਤਾ ਛਿੜੀ ਹੋਈ ਹੈ । ਪੰਜਾਬ ਦੀ ਸੱਤਾਧਾਰੀ ਭਗਵੰਤ ਮਾਨ ਸਰਕਾਰ ਦੀ 24 ਘੰਟੇ ਖੇਤਾਂ ਨੂੰ ਬਿਜਲੀ ਦੇਣ ਦੇ ਜੋ ਵਾਅਦੇ ਅਤੇ ਦਾਅਵੇ ਕੀਤੇ ਜਾ ਰਹੇ ਸਨ, ਉਨ੍ਹਾਂ ਦੀ ਪੋਲ ਖੁੱਲ ਚੁੱਕੀ ਹੈ । ਇਕੱਠਾਂ ਵਿੱਚ ਕਈ ਦਫਾ ਮੁੱਖ ਮੰਤਰੀ ਐਲਾਨ ਕਰਦੇ ਦੇਖੇ ਗਏ ਕਿ ਤੁਸੀ ਖੇਤਾਂ ਚੋਂ ਮੋਟਰਾਂ ਬੰਦ ਕਰਕੇ ਘਰਾਂ ਵਿੱਚ ਆ ਕੇ ਸੌਇਆ ਕਰੋਂਗੇ ਪਰ ਅੱਜ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ । ਭਾਕਿਯੂ (ਏਕਤਾ) ਡਕੌਂਦਾ ਵੱਲੋਂ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਅਸੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਤੁਰੰਤ ਇਸ ਲੋੜ ਵੱਲ ਧਿਆਨ ਦਿੱਤਾ ਜਾਵੇ ਅਤੇ ਦੋ ਦਿਨਾਂ ਵਿੱਚ ਹਰ ਫੀਡਰ ਨੂੰ ਘੱਟੋ ਘੱਟ ਅੱਠ ਘੰਟੇ ਸਪਲਾਈ ਬਹਾਲ ਕੀਤੀ ਜਾਵੇ । ਮੰਗ ਨਾ ਮੰਨੇ ਜਾਣ ‘ਤੇ ਜਥੇਬੰਦੀ ਜ਼ਿਲ੍ਹੇ ਦੇ ਹਰ ਬਿਜਲੀ ਘਰ ਅੱਗੇ ਧਰਨੇ ਦੇਣ ਨੂੰ ਮਜਬੂਰ ਹੋਵੇਗੀ ।

NO COMMENTS