ਚੰਡੀਗੜ੍ਹ 06 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਜੋ ਕਤਲ ਤੇ ਬਲਾਤਕਾਰ ਕੇਸ ਵਿੱਚ ਸਜ਼ਾ ਭੁਗਤ ਰਿਹਾ ਹੈ, ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਹ ਵੀਡੀਓ ਗੁਰਮੀਤ ਰਾਮ ਰਹੀਮ ਦੀ ਦੱਸੀ ਜਾ ਰਹੀ ਹੈ। ਇਸ ਵਿੱਚ ਰਾਮ ਰਹੀਮ ਪੁਲਿਸ ਦੀ ਸੁਰੱਖਿਆ ‘ਚ ਹਸਪਤਾਲ ਵਿੱਚ ਦਿਖਾਈ ਦਿੱਤਾ। ਹਾਲਾਂਕਿ, ਇਹ ਵੀਡੀਓ ਕਦੋਂ ਦੀ ਹੈ, ਇਹ ਅਜੇ ਸਪਸ਼ਟ ਨਹੀਂ ਹੋ ਸਕਿਆ ਪਰ ਇਹ ਵੀਡੀਓ ਪਹਿਲਾਂ ਸਿਰਸਾ ਵਿੱਚ ਸਾਹਮਣੇ ਆਇਆ ਤੇ ਫਿਰ ਚਾਰੇ ਪਾਸੇ ਵਾਇਰਲ ਹੋ ਗਿਆ।
ਜ਼ਿਕਰਯੋਗ ਹੈ ਕਿ ਰਾਮ ਰਹੀਮ ਬਲਾਤਕਾਰ ਤੇ ਕਤਲ ਦੇ ਦੋਸ਼ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਜੇਲ੍ਹ ਜਾਣ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਉਸ ਦੀ ਝਲਕ ਸਾਹਮਣੇ ਆਈ ਹੋਵੇ। ਰਾਮ ਰਾਹੀਮ ਪਿਛਲੇ ਸਾਲ 24 ਅਕਤੂਬਰ ਨੂੰ ਆਪਣੀ ਮਾਂ ਨੂੰ ਮਿਲਣ ਹਸਪਤਾਲ ਗਿਆ ਸੀ, ਉਸ ਨੂੰ ਇੱਕ ਦਿਨ ਲਈ ਪੈਰੋਲ ਦਿੱਤੀ ਗਈ ਸੀ। ਹਾਲਾਂਕਿ ਇਸ ਬਾਰੇ ਸਭ ਨੂੰ ਕਈ ਦਿਨਾਂ ਬਾਅਦ ਪਤਾ ਲੱਗਾ ਸੀ।
ਰਾਮ ਰਹੀਮ ਨੂੰ ਗੁਪਤ ਰੂਪ ਵਿੱਚ ਹਰਿਆਣਾ ਪੁਲਿਸ ਦੀਆਂ ਤਿੰਨ ਕੰਪਨੀਆਂ ਦੀ ਸੁਰੱਖਿਆ ਹੇਠ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਸੀ ਤੇ ਗੁਰਮੀਤ ਰਾਮ ਰਹੀਮ ਆਪਣੀ ਮਾਂ ਨੂੰ ਇੱਥੇ ਮੇਦਾਂਤਾ ਹਸਪਤਾਲ ਵਿੱਚ ਮਿਲਿਆ ਸੀ। ਅਜਿਹੀ ਸਥਿਤੀ ਵਿੱਚ, ਇਹ ਵੀਡੀਓ ਉਸੇ ਦਿਨ ਦੀ ਹੋ ਸਕਦੀ ਹੈ।