*ਜੀ.ਐਸ.ਟੀ. ਚੋਰੀ ਤੇ ਫਰਜ਼ੀ ਬਿਲਿੰਗ ਮਾਮਲੇ ਜਿਆਦਾ ਵਧ ਜਾਣ ਕਰਕੇ ਕੇਂਦਰ ਸਰਕਾਰ ਦੇ ਜੀ.ਐਸ.ਟੀ. ਵਿਭਾਗ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ*

0
256

ਮਾਨਸਾ, 25 ਮਈ:- ( ਸਾਰਾ ਯਹਾਂ \ਗੁਰਪ੍ਰੀਤ ਧਾਲੀਵਾਲ) ਜੀ.ਐਸ.ਟੀ. ਚੋਰੀ ਤੇ ਫਰਜ਼ੀ ਬਿਲਿੰਗ ਮਾਮਲੇ ਜਿਆਦਾ ਵਧ ਜਾਣ ਕਰਕੇ ਕੇਂਦਰ ਸਰਕਾਰ ਦੇ ਜੀ.ਐਸ.ਟੀ. ਵਿਭਾਗ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਜੀ.ਐਸ.ਟੀ. ਚੋਰੀ ਤੇ ਫਰਜ਼ੀ ਬਿਲਿੰਗ ਮਾਮਲੇ ਰੋਕਣ ਲਈ ਕੇਂਦਰ ਦੇ ਸੀ.ਜੀ.ਐਸ.ਟੀ. ਵਿਭਾਗ ਵੱਲੋਂ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਜਿਸ ਦੇ ਤਹਿਤ ਸੀ.ਜੀ.ਐਸ.ਟੀ. ਵਿਭਾਗ ਵੱਲੋਂ ਪੰਜਾਬ ਜੀ.ਐਸ.ਟੀ. ਵਿਭਾਗ ਦੇ ਨਾਲ ਮਿਲਕੇ ‘ਡੋਰ ਟੂ ਡੋਰ’ ਜਾ ਕੇ ਪੜਤਾਲ ਕੀਤੀ ਜਾ ਰਹੀ ਹੈ। ਪੜਤਾਲ ਦੌਰਾਨ ਜੇਕਰ ਕਿਸੇ ਵੀ ਕੰਪਨੀ ਜਾਂ ਦੁਕਾਨ ਦੇ ਬਾਹਰ ਰਜਿਸਟਰ ਕੰਪਨੀ ਦਾ ਨਾਂਅ ਤੇ ਜੀ.ਐਸ.ਟੀ. ਨੰਬਰ ਨਾ ਲਿਖਿਆ ਹੋਵੇ ਤਾਂ ਉਸ ਨੂੰ 50 ਹਜ਼ਾਰ ਰੁਪਏ ਜੁਰਮਾਨਾ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਉੱਚ ਅਧਿਕਾਰੀਆਂ ਕਿਹਾ ਕਿ ਜੇਕਰ ਸਨਅਤਕਾਰਾਂ, ਵਪਾਰੀਆਂ ਤੇ ਕਾਰੋਬਾਰੀ ਜੀ.ਐਸ.ਟੀ. ਵਿਭਾਗ ਦੀ ਕਾਰਵਾਈ ਤੋਂ ਬਚਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਕਾਰਖਾਨਿਆਂ ਜਾਂ ਦੁਕਾਨਾਂ ਦੇ ਬਾਹਰ ਜੀ.ਐਸ.ਟੀ. ਨੰਬਰ, ਕੰਪਨੀ ਦਾ ਨਾਂਅ ਤੇ ਪਤਾ ਲਿਖਣਾ ਜ਼ਰੂਰੀ ਹੈ। ਇਸਦੇ ਨਾਲ ਹੀ ਜੀ.ਐਸ.ਟੀ. ਦਾ ਸਰਟੀਫਿਕੇਟ ਜਿਸ ਵਿੱਚ ਕਾਰਖਾਨੇ ਜਾਂ ਕੰਮ ਵਾਲੀ ਥਾਂ ਤੇ ਰੱਖਣਾ ਲਾਜ਼ਮੀ (ਜ਼ਰੂਰੀ) ਹੈ।
ਇਹ ਨਹੀਂ ਹੋਣਾ ਚਾਹੀਦਾ ਕਿ ਜੇਕਰ ਕੰਪਨੀ ਕਿਸੇ ਹੋਰ ਥਾਂ ‘ਤੇ ਹੈ ਅਤੇ ਜੀ‌‌‍‍‌‌‍.ਐਸ.ਟੀ. ਨੰਬਰ ਕਿਸੇ ਹੋਰ ਪਤੇ ਦਾ ਹੈ। ਜੇਕਰ ਪਤਾ ਬਦਲਿਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਜੀ.ਐਸ.ਟੀ. ਸਰਟੀਫਿਕੇਟ ਵਿੱਚ ਦਰਜ ਕਰਵਾਇਆ ਜਾਵੇ। ਜੇਕਰ ਕਾਰਖ਼ਾਨਾ, ਦੁਕਾਨ ਜਾਂ ਕੰਪਨੀ ਕਿਰਾਏ ਵਾਲੀ ਥਾਂ ਤੇ ਚੱਲ ਰਹੀ ਹੈ ਤਾਂ ਉਸ ਕੋਲ ਮੌਜੂਦਾ ਸਮੇਂ ਦਾ ਕਿਰਾਇਆ ਨਾਮਾਂ ਹੋਣਾ ਜ਼ਰੂਰੀ ਹੈ। ਜੇਕਰ ਪੜਤਾਲ ਦੌਰਾਨ ਕਿਸੇ ਕੋਲ ਇਹ ਦਸਤਾਵੇਜ਼ ਨਹੀਂ ਹਨ ਜਾਂ ਕੋਈ ਦਸਤਾਵੇਜ਼ ਘੱਟ ਹੈ ਹੈ ਤਾਂ ਉਸਦੇ ਖਿਲਾਫ਼ ਬਣਦੀ ਕਾਰਵਾਈ ਅਤੇ ਜੁਰਮਾਨਾ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਕਾਰਖ਼ਾਨਾ ਜਾਂ ਦੁਕਾਨ ਕਿਸੇ ਹੋਰ ਥਾਂ ਤੇ ਚੱਲ ਰਹੀ ਹੈ ਅਤੇ ਜੀ.ਐਸ.ਟੀ. ਸਰਟੀਫਿਕੇਟ ਵਿੱਚ ਪਤਾ ਕਿਸੇ ਹੋਰ ਥਾਂ ਦਾ ਹੈ ਤਾਂ ਉਸ ਨੂੰ ਫਰਜ਼ੀ ਸਮਝਿਆ ਜਾਵੇਗਾ ਅਤੇ ਇਸਦੇ ਨਾਲ ਹੀ ਜੀ.ਐਸ.ਟੀ. ਵਿਭਾਗ ਵੱਲੋਂ ਜੀ.ਐਸ.ਟੀ. ਨੰਬਰ ਰੱਦ ਕੀਤਾ ਜਾਵੇਗਾ। ਸਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਸੀ.ਜੀ.ਐਸ.ਟੀ. ਤੇ ਜੀ.ਐਸ.ਟੀ. ਵਿਭਾਗ ਵੱਲੋਂ ਫਰਜ਼ੀ ਕੰਪਨੀਆਂ ਦੇ ਸਹਾਰੇ ਇਨਪੁਟ ਕਰੈਡਿਟ ਲੈਣ ਵਾਲਿਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਪੰਜਾਬ ਵਿੱਚ ਜਾਰੀ ਕੀਤੇ 4 ਲੱਖ ਦੇ ਕਰੀਬ ਜੀ.ਐਸ.ਟੀ. ਨੰਬਰਾਂ ਦੀ ਪੜਤਾਲ ਕਰਨ ਤੋਂ ਬਾਅਦ ਵਿਭਾਗ ਨੂੰ ਕਈ ਅਹਿਮ ਸੁਰਾਗ਼ ਹੱਥ ਲੱਗਣ ਦੀ ਉਮੀਦ ਹੈ। ਪੰਜਾਬ ਵਿੱਚ ਬਹੁਤ ਕੰਪਨੀਆਂ ਤੇ ਦੁਕਾਨਾਂ ਦੇ ਬਾਹਰ ਕੰਪਨੀ ਦਾ ਨਾਂਅ ਅਤੇ ਜੀ.ਐਸ.ਟੀ. ਨੰਬਰ ਲਿਖਿਆ ਬੋਰਡ ਨਹੀਂ ਲੱਗਿਆ ਹੁੰਦਾ ਪਰ ਵਿਭਾਗ ਦੀ ਸਖ਼ਤੀ ਤੋਂ ਬਾਅਦ ਬੋਰਡ ਲਗਾਉਣ ਦਾ ਰੁਝਾਨ ਵੱਧ ਗਿਆ ਹੈ।

NO COMMENTS