*ਜਿੱਤ ਮਗਰੋਂ ਕਿਸਾਨਾਂ ਦੇ ਹੌਸਲੇ ਬੁਲੰਦ, ਪੰਜਾਬ ਵਿਚਲੇ ਧਰਨਿਆਂ ‘ਤੇ ਪੂਰਾ ਜੋਸ਼*

0
17

ਬਰਨਾਲਾ  13,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਸਰਕਾਰ ਵੱਲੋਂ ਮੰਗਾਂ ਮੰਨ ਲਏ ਜਾਣ ਤੇ ਸੰਯਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਨੂੰ ਮੁਅੱਤਲ ਕਰਨ ਦੇ ਫੈਸਲੇ ਤੋਂ ਬਾਅਦ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਹੁਣ ਆਪਣੇ ਅੰਤਿਮ ਪੜਾਅ ਵੱਲ ਵਧ ਰਿਹਾ ਹੈ। ਮੋਰਚੇ ਦੀ ਕੌਮੀ ਲੀਡਰਸ਼ਿਪ ਦੇ ਫੈਸਲੇ ਅਨੁਸਾਰ 15 ਦਸੰਬਰ ਇਸ ਧਰਨੇ ਦਾ ਆਖਰੀ ਦਿਨ ਹੋਵੇਗਾ। ਅੱਜ 439ਵੇਂ ਦਿਨ ਵੀ ਧਰਨਾ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।

ਦੱਸ ਦਈਏ ਕਿ ਜਿਉਂ ਜਿਉਂ ਧਰਨੇ ਦਾ ਆਖਰੀ ਦਿਨ ਨਜ਼ਦੀਕ ਆ ਰਿਹਾ ਹੈ, ਧਰਨਾਕਾਰੀ ਆਪਣੀ ਜਿੱਤ ਨੂੰ ਰੱਜ ਕੇ ਮਾਨਣਾ ਚਾਹੁੰਦੇ ਹਨ। ਸਵਾ ਸਾਲ ਰੇਲਵੇ ਲਾਈਨਾਂ, ਸੜਕਾਂ, ਪੱਥਰਾਂ ‘ਤੇ ਬੈਠ ਕੇ ਝੱਲੀਆਂ ਦੁਸ਼ਵਾਰੀਆਂ ਨੂੰ ਭੁੱਲਣਾ ਚਾਹੁੰਦੇ ਹਨ। ਲੜਾਈ ਜਿੰਨੀ ਲੰਬੀ ਸੀ, ਜਿੱਤ ਦੇ ਜਸ਼ਨਾਂ ਦੇ ਅਰਸੇ ਨੂੰ ਵੀ ਓਨਾ ਹੀ ਲੰਬਾ ਖਿੱਚਣਾ ਲੋਚਦੇ ਹਨ।

ਅੱਜ ਕਿਸਾਨ ਬੀਬੀਆਂ ਨੇ ਆਉਂਦੇ ਸਾਰ ਟਰਾਲੀਆਂ ਤੋਂ ਉਤਰਦੇ ਹੀ ਸਟੇਜ ‘ਤੇ ‘ਕਬਜ਼ਾ’ ਕਰ ਲਿਆ। ਲੱਗਦਾ ਹੈ ਕਿ ਸਰਕਾਰ ਖਿਲਾਫ ਉਨ੍ਹਾਂ ਦਾ ਗੁੱਸਾ ਅਜੇ ਠੰਢਾ ਨਹੀਂ ਹੋਇਆ। ਉਹ ਆਪਣੀਆਂ ਨਵੀਆਂ ਘੜੀਆਂ ਅੰਦੋਲਨੀ ਬੋਲੀਆਂ ਰਾਹੀਂ ਸਰਕਾਰ ਵਿਰੁੱਧ ਆਪਣਾ ਗੁੱਸਾ ਕੱਢਣਾ ਤੇ ਖੁਸ਼ੀ ਜ਼ਾਹਰ ਕਰਨਾ ਚਾਹੁੰਦੀਆਂ ਹਨ। ਸੰਚਾਲਕਾਂ ਨੇ ‘ਬੇਨਤੀ’ ਕਰਕੇ ਬੀਬੀਆਂ ਤੋਂ ਸਟੇਜ ਦਾ ‘ਕਬਜ਼ਾ’ ਛੁਡਾਇਆ। ਅੱਜ ਬੁਲਾਰਿਆਂ ਨੇ ਜਾਣਕਾਰੀ ਦਿੱਤੀ ਕਿ ਭਲਕੇ ਮੰਗਲਵਾਰ ਨੂੰ  ਧਰਨਾ ਸਥਲ ‘ਤੇ ਅੰਦੋਲਨ ਦੀ ਜਿੱਤ ਦੇ ਸ਼ੁਕਰਾਨੇ ਵਜੋਂ 11 ਵਜੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ। ਆਗੂਆਂ ਨੇ ਕਿਹਾ ਸਭ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਅਤੇ ਸਮੇਂ ਸਿਰ ਪਹੁੰਚਣ ਦੀ ਬੇਨਤੀ ਕੀਤੀ।

ਪਰਸੋਂ 15 ਦਸੰਬਰ ਨੂੰ ਇੱਕ ਅਕਤੂਬਰ 2020 ਨੂੰ ਸ਼ੁਰੂ  ਹੋਏ ਇਸ ਧਰਨੇ ਦਾ ਆਖਰੀ ਦਿਨ ਹੋਵੇਗਾ। 441 ਦਿਨ ਬਾਅਦ ਖਤਮ ਹੋ ਰਹੇ ਇਸ ਧਰਨੇ ਦੇ ਆਖਰੀ ਦਿਨ ਵਧ ਤੋਂ ਵਧ ਸ਼ਮੂਲੀਅਤ ਕਰਵਾਉਣ ਲਈ ਲਾਮਬੰਦੀ ਕੀਤੀ ਜਾ ਰਹੀ ਹੈ। ਪਿੰਡਾਂ ਵਿੱਚ ਵਿਸ਼ੇਸ਼ ਸੁਨੇਹੇ ਲਾਏ ਜਾ ਰਹੇ ਹਨ। ਵਿਸ਼ੇਸ਼ ਪਕਵਾਨਾਂ ਦੇ ਲੰਗਰ ਲਾਉਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਧਰਨਾਕਾਰੀਆਂ ਵਿੱਚ ਇਸ ਦਿਨ ਲਈ ਖਾਸ ਕਿਸਮ ਦਾ ਉਤਸ਼ਾਹ ਪਾਇਆ ਜਾ ਰਿਹਾ ਹੈ।

ਬੁਲਾਰਿਆਂ ਨੇ ਦੱਸਿਆ ਕਿ ਇਸ ਧਰਨੇ  ਦੇ ਆਖਰੀ ਦਿਨ 15 ਦਸੰਬਰ ਦੇ ਆਖਰੀ ਪ੍ਰੋਗਰਾਮ ਵਜੋਂ ਸ਼ਹਿਰ ਦੇ ਬਾਜਾਰਾਂ ਵਿੱਚੋਂ ਦੀ ਧੰਨਵਾਦੀ  ਜੋਸ਼ੀਲਾ ਫਤਹਿ ਮਾਰਚ ਕੀਤਾ ਜਾਵੇਗਾ। ਸਹਿਯੋਗ ਦੇਣ ਲਈ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਜਾਵੇਗਾ।

NO COMMENTS