ਮਾਨਸਾ, 1 ਸਤੰਬਰ(ਸਾਰਾ ਯਹਾਂ/ਹਿਤੇਸ਼ ਸ਼ਰਮਾ) : ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ—ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਮਾਨਸਾ ਵੱਲੋਂ ਕੋਵਿਡ—19 ਦੇ ਕਾਰਨ ਕਾਫ਼ੀ ਸਮੇਂ ਤੋਂ ਬੰਦ ਪਏ ਜਿ਼ਲ੍ਹਾ ਪੱਧਰੀ ਨਸ਼ਾ ਛੁਡਾਓ ਕੇਂਦਰ ਖਿਆਲਾ ਕਲਾਂ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਹਿਤਿੰਦਰ ਕੌਰ ਨੇ ਦੱਸਿਆ ਕਿ ਕੋਵਿਡ—19 ਦੇ ਮੱਦੇਨਜ਼ਰ ਇਸ ਕੇਂਦਰ ਨੂੰ ਬੰਦ ਕਰ ਦਿੱਤਾ ਗਿਆ ਸੀ, ਹੁਣ ਇਸ ਕੇਂਦਰ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਨਸ਼ੇ ਤੋਂ ਪੀੜਤ ਵਿਅਕਤੀਆਂ ਨੂੰ ਦਾਖਿਲ ਕਰਕੇ ਇਲਾਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡਾ.ਛਵੀ ਬਜਾਜ ਸਾਇਕੈਟਰਿਸਟ ਇੰਚਾਰਜ ਨਸ਼ਾ ਛੁਡਾਓ ਕੇਂਦਰ ਖਿਆਲਾ ਕਲਾਂ ਵੱਲੋਂ ਕੇਂਦਰ ਵਿਖੇ ਓ.ਪੀ.ਡੀ/ਆਈ.ਪੀ.ਡੀ. ਕੀਤੀ ਜਾ ਰਹੀ ਹੈ।ਸਟਾਫ਼ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਸਾਇਕੈਟਰਿਕ ਸੋਸ਼ਲ ਵਰਕਰ, ਚਾਰ ਸਟਾਫ਼ ਨਰਸ, ਚਾਰ ਸਕਿਊਰਟੀਗਾਰਡ, ਦੋ ਵਾਰਡ ਅਟੈਂਡੈਂਟ, ਦੋ ਸਵੀਪਰ ਅਤੇ ਇਕ ਕੁੱਕ—ਕਮ—ਹੈਲਪਰ ਮੌਜੂਦ ਹਨ। ਉਨ੍ਹਾਂ ਕਿਹਾ ਕਿ ਵਿਅਕਤੀਆਂ ਦਾ ਦਾਖਿਲਾ, ਦਵਾਈਆਂ ਅਤੇ ਖਾਣਾ ਆਦਿ ਦੀ ਸਹੂਲਤ ਮੁਫ਼ਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਗ੍ਰਿਫ਼ਤ ਵਿੱਚ ਆ ਚੁੱਕੇ ਕਿਸੇ ਵੀ ਵਿਅਕਤੀ ਨੂੰ ਨਸ਼ਾ ਛੁਡਾਉਣ ਲਈ ਇਸ ਕੇਂਦਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ, ਜਿਸ ਨਾਲ ਨਸ਼ੇ ਦੀ ਬੁਰੀ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।