-ਜਿਲ੍ਹੇ ਦੇ ਡਾਕਟਰ, ਪੈਰਾ-ਮੈਡੀਕਲ ਸਟਾਫ ਅਤੇ ਸੈਨੀਟਾਈਜ ਟੀਮ ਮੈਂਬਰਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਿਤ

0
26

ਮਾਨਸਾ, 16 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਅੰਦਰ ਕੋਰਨਾ ਵਾਇਰਸ ਵਿਰੁੱਧ ਸਿੱਧੀ ਜੰਗ ਲੜ ਰਹੇ ਸਿਹਤ ਵਿਭਾਗ ਦੇ ਮੋਹਰੀ ਡਾਕਟਰ, ਪੈਰਾ-ਮੈਡੀਕਲ ਸਟਾਫ ਅਤੇ ਸੈਨੀਟਾਈਜ਼ ਟੀਮ ਦੇ ਮੈਂਬਰ ਜੋ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਕੋਰਨਾ ਵਾਇਰਸ ਨਾਲ ਪੀੜ੍ਹਤ (ਪਾਜ਼ਿਟਿਵ) ਮਰੀਜਾਂ ਅਤੇ ਸ਼ੱਕੀ ਮਰੀਜਾਂ ਦਾ ਇਲਾਜ ਤੇ ਟੈਸਟ ਕਰਕੇ ਬਹੁਤ ਹੀ ਸ਼ਲਾਘਾਯੋਗ ਡਿਊਟੀ ਨਿਭਾਅ ਰਹੇ ਹਨ, ਉਥੇ ਹੀ ਸੈਨੀਟਾਈਜ ਟੀਮ ਦੇ ਮੈਂਬਰ ਵੀ ਦਵਾਈ ਦਾ ਛਿੜਕਾਅ ਕਰਕੇ ਜ਼ਿਲ੍ਹੇ ਨੂੰ ਵਾਇਰਸ ਮੁਕਤ ਕਰਨ ਦੀ ਡਿਊਟੀ ਬਾਖੁਬੀ ਨਿਭਾਅ ਰਹੇ ਹਨ।
ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਸ ਲਈ ਮਾਨਸਾ ਪੁਲਿਸ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਕੋਰਨਾ ਵਾਇਰਸ ਵਿਰੁੱਧ ਮੂਹਰਲੀ ਕਤਾਰ ਵਿੱਚ ਜੋਖਮ ਲੈ ਕੇ ਲੜਾਈ ਲੜ ਰਹੇ ਮੈਡੀਕਲ ਕਿੱਤੇ ਨਾਲ ਜੁੜੇ ਡਾਕਟਰਾਂ, ਉਹਨਾਂ ਦੇ ਸਟਾਫ ਮੈਂਬਰਾਂ ਅਤੇ ਉਹਨਾਂ ਦੇ ਪਰਿਵਾਰਕ ਮੈਬਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਹੌਸਲਾ ਦਿੱਤਾ ਜਾਵੇ। ਇਸੇ ਲੜੀ ਤਹਿਤ ਮਾਨਸਾ ਪੁਲਿਸ ਵੱਲੋਂ ਪਹਿਲਕਦਮੀ ਕਰਦੇ ਹੋਏ ਅੱਜ ਡਾਕਟਰ ਰਣਜੀਤ ਰਾਏ ਸਿਵਲ ਹਸਪਤਾਲ ਮਾਨਸਾ ਜਿਨ੍ਹਾਂ ਨੇ ਹੁਣ ਤੱਕ 223 ਸੈਂਪਲ ਕੋਰਨਾ ਵਾਇਰਸ ਦੇ ਸ਼ੱਕੀ ਮਰੀਜਾਂ ਦੇ ਲਏ ਹਨ, ਜਿਹਨਾਂ ਵਿੱਚੋ 11 ਮਰੀਜ਼ ਪਾਜ਼ਿਟਿਵ ਪਾਏ ਗਏ ਹਨ, ਦੇ ਘਰ ਜਾ ਕੇ ਉਹਨਾਂ ਦੇ ਮਾਤਾ-ਪਿਤਾ ਤੇ

ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਦੇ ਗਲ ਵਿੱਚ ਹਾਰ ਪਾ ਕੇ ਅਤੇ ਫਲ ਪ੍ਰਦਾਨ ਕਰ ਕੇ ਇਸ ਜੋਖਮ ਭਰੇ ਕਾਰਜ ਪ੍ਰਤੀ ਉਨ੍ਹਾਂ ਵੱਲੋਂ ਅੱਗੇ ਹੋ ਕੇ ਨਿਭਾਈ ਜਾ ਰਹੀ ਮਹੱਤਵਪੂਰਨ ਭੁਮਿਕਾ ਤੇ ਕਾਰਜ ਦੀ ਸ਼ਲਾਘਾ ਕੀਤੀ ਗਈ।
ਐਸ.ਐਸ.ਪੀ. ਡਾ. ਭਾਰਗਵ ਨੇ ਦੱਸਿਆ ਕਿ ਦੇਸ਼ ਨੂੰ ਕੋਰਨਾ ਵਾਇਰਸ ਤੋਂ ਬਚਾਉਣ ਲਈ ਲੜੀ ਜਾ ਰਹੀ ਲੜਾਈ ਦੇ ਉਹ ਅਸਲ ਹੀਰੋ ਹਨ। ਇਸ ਸਮੇਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਸ਼੍ਰੀ ਰਾਮ ਸਿੰਘ (ਪਿਤਾ), ਸ਼੍ਰੀਮਤੀ ਬਲਜਿੰਦਰ ਕੌਰ (ਮਾਤਾ), ਡਾ. ਕੁਲਵੰਤ ਸਿੰਘ ਅਤੇ ਸ਼੍ਰੀ ਹੀਰਾ ਲਾਲ ਭੈਣੀਬਾਘਾ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮਾਨਸਾ ਸਿਵਲ ਹਸਪਤਾਲ ਜਿੱਥੇ 11 ਪਾਜ਼ਿਟਿਵ ਮਰੀਜ ਰੱਖੇ ਗਏ ਹਨ, ਉਥੇ ਵਾਰਡ ਅਟੈਂਡੈਂਟ ਦੀ ਭੂਮਿਕਾ ਬਾਖੁਬੀ ਨਿਭਾ ਰਹੇ ਸ਼੍ਰੀ ਦਵਿੰਦਰ ਸ਼ਰਮਾ ਉਰਫ ਸੋਨੂੰ ਦੇ ਪਰਿਵਾਰ ਨੂੰ ਵੀ ਘਰ ਜਾ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਉਨ੍ਹਾਂ ਦੇ ਮਾਤਾ ਜੀ ਸ਼੍ਰੀਮਤੀ ਵਿਜੇ ਸ਼ਰਮਾ, ਪਤਨੀ ਸ਼੍ਰੀਮਤੀ ਟੀਨਾ ਸ਼ਰਮਾ, ਸ਼੍ਰੀ ਸੁਨੀਲ ਬਾਂਸਲ ਐਡਵੋਕੇਟ ਮਾਨਸਾ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।
ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਜਿੱਥੇ ਮਾਨਸਾ ਪੁਲਿਸ ਜ਼ਿਲ੍ਹੇ ਅੰਦਰ ਅਮਨ ਤੇ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਦੀਆਂ ਜਿੰਮੇਵਾਰੀਆਂ ਨਿਭਾਅ ਰਹੀ ਹੈ, ਉਥੇ ਹੀ ਉਹ ਕੋਰਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਸਮੇਂ ਆਪਣੀਆਂ ਸਮਾਜਿਕ ਜਿੰਮੇਵਾਰੀਆਂ ਨੂੰ ਸਮਝਦੇ ਹੋਏ ਦੂਸਰੇ ਸਮਾਜਿਕ ਕੰਮਾਂ ਵਿੱਚ ਵੀ ਮੋਹਰੀ ਹੋ ਕੇ ਅਹਿਮ ਭੂਮਿਕਾ ਨਿਭਾਅ ਰਹੀ ਹੈ, ਤਾਂ ਜੋ ਮਾਨਸਾ ਜ਼ਿਲ੍ਹੇ ਦੇ ਸਾਰੇ ਵਿਅਕਤੀ ਮਾਨਸਾ ਪੁਲਿਸ ਦੇ ਹੁੰਦਿਆਂ ਆਪਣੇ ਆਪ ਨੂੰ ਮਹਿਫੂਜ਼ ਸਮਝਣ।

NO COMMENTS