ਮਿਤੀ 15-12-2024.(ਸਾਰਾ ਯਹਾਂ/ਮੁੱਖ ਸੰਪਾਦਕ)
ਅੱਜ ਬੱਚਤ ਭਵਨ ਮਾਨਸਾ ਵਿਖੇ 'ਪੁਲਿਸ ਬਜੁਰਗ ਦਿਵਸ' (police Elders Day) ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਪੁਲਿਸ,ਜੇਲ੍ਹ ਵਿਭਾਗ,ਸੀ.ਆਈ.ਡੀ. ਮਹਿਕਮਾ ਆਦਿ ਨਾਲ ਸਬੰਧਤ ਜਿਲੇ ਭਰ ਦੇ 200 ਦੇ ਕਰੀਬ ਪੈਨਸ਼ਨਰ ਸ਼ਾਮਲ ਹੋਏ।ਜਿਹਨਾਂ ਨੇ ਪੁਲਿਸ ਵਿਭਾਗ ਵਿੱਚ ਆਪਣੇ ਆਪਣੇ ਸਮੇਂ ਦੀਆ ਮਿੱਠੀਆਂ ਯਾਦਾਂ ਦਿਲ ਖੋਲ ਕੇ ਸਾਂਝੀਆਂ ਕੀਤੀਆ। ਐਸੋਸੀਏਸ਼ਨ ਦੇ ਪ੍ਰਧਾਨ ਸਾਬਕਾ ਇੰਸ:ਗੁਰਚਰਨ ਸਿੰਘ ਮੰਦਰਾਂ ਵੱਲੋਂ ਮੁੱਖ ਮਹਿਮਾਨ ਡੀ.ਐਸ.ਪੀ.ਮਾਨਸਾ ਸ੍ਰੀ ਬੂਟਾ ਸਿੰਘ ਦਾ ਧੰਨਵਾਦ ਕਰਦਿਆ ਹਾਜਰੀਨ ਨੂੰ ਜੀ ਆਇਆ ਆਖਿਆ ਅਤੇ ਪੈਨਸ਼ਨਰਜ ਦੇ ਕੰਮਕਾਜਾਂ ਦੀ ਸਲਾਨਾ ਰਿਪੋਰਟ ਤੇ ਪ੍ਰਾਪਤੀਆਂ ਪੜ੍ਹ ਕੇ ਸੁਣਾਈਆ ਗਈਆ। ਫਿਰ ਪਿਛਲੇ ਇੱਕ ਸਾਲ ਦੌਰਾਨ ਸਵਰਗਵਾਸ ਹੋਏ 8 ਪੁਲਿਸ ਪੈਨਸ਼ਨਰਾ ਨੂੰ ਯਾਦ ਕਰਦਿਆ ਖੜੇ ਹੋ ਕੇ 2 ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇੰਟ ਕੀਤੀ ਗਈ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸ਼ਾਮਿਲ ਹੋਏ ਸ਼੍ਰੀ ਬੂਟਾ ਸਿੰਘ ਡੀ.ਐਸ.ਪੀ. ਮਾਨਸਾ ਵੱਲੋਂ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਆਪਣੇ ਮਹਿਕਮਾ ਦੇ ਰਿਟਾਇਰਡ ਅਧਿਕਾਰੀਆ/ਕਰਮਚਾਰੀਆਂ ਦੀਆ ਦੁੱਖ ਤਕਲੀਫਾਂ ਸੁਣ ਕੇ ਦੂਰ ਕਰਨ ਅਤੇ ਉਹਨਾਂ ਦੀਆ ਮਹਿਕਮਾ ਵਿੱਚ ਦਿੱਤੀਆ ਸੇਵਾਵਾਂ ਬਦਲੇ ਅੱਜ ਮਾਨਸਾ ਪੁਲਿਸ ਵੱਲੋਂ 'ਪੁਲਿਸ ਬਜੁਰਗ ਦਿਵਸ' ਮਨਾਇਆ ਜਾ ਰਿਹਾ ਹੈ। ਜਿਹਨਾਂ ਨੇ ਦੱਸਿਆ ਕਿ ਤੁਹਾਡੇ ਵੱਲੋਂ ਸਮਾਜ ਪ੍ਰਤੀ ਸਮਾਜਸੇਵਾ ਦੀਆ ਨਿਭਾਈਆ ਡਿਉਟੀਆ ਭਾਂਵੇ ਉਹ ਅੱਤਵਾਦ ਸਮੇਂ ਦੌਰਾਨ ਹੋਣ ਜਾਂ ਫਿਰ ਸਮੇਂ ਸਮੇਂ ਸਿਰ ਸਮਾਜ ਵਿਰੋਧੀ ਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਵਿੱਚ ਆਪ ਵੱਲੋਂ ਪਾਏ ਅਹਿਮ ਯੋਗਦਾਨਾਂ/ਕੰਮਾਂ ਪ੍ਰਤੀ, ਜਿਸਦਾ ਅੱਜ ਅਸੀ ਨਿੱਘ ਮਾਣ ਰਹੇ ਹਾਂ, ਇਹ ਤੁਹਾਡੇ ਕੀਤੇ ਸਮਾਜਸੇਵੀ ਕੰਮਾਂ ਕਰਕੇ ਹੀ ਹੈ, ਜਿਸਦਾ ਸਮੁੱਚਾ ਸਿਹਰਾ ਪੁਲਿਸ ਪੈਨਸ਼ਨਰਜ ਨੂੰ ਹੀ ਜਾਂਦਾ ਹੈ।ਤੁਹਾਡੇ ਵੱਲੋਂ ਦਰਸਾਏ ਮਾਰਗ ਤੇ ਚੱਲਦੇ ਹੋਏ ਮੌਜੂਦਾ ਮਹਿਕਮਾ ਪੁਲਿਸ ਨੇ ਅਥਾਹ ਪ੍ਰਾਪਤੀਆਂ ਦਾ ਮਾਣ ਹਾਸਲ ਕੀਤਾ ਹੈ ਤੇ ਕਰ ਰਹੀ ਹੈ।ਉਹਨਾਂ ਵਾਅਦਾ ਕੀਤਾ ਕਿ ਕਿਸੇ ਵੀ ਪੁਲਿਸ ਪੈਨਸ਼ਨਰ/ਪਰਿਵਾਰ ਨੂੰ ਕੋਈ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ। ਐਸੋਸੀਏਸ਼ਨ ਦੇ ਕੰਮਕਾਜ ਉਹ ਪਹਿਲ ਦੇ ਆਧਾਰ ਤੇ ਮਾਣਯੋਗ ਐਸ.ਐਸ.ਪੀ. ਮਾਨਸਾ ਜੀ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਣਗੇ।
ਸਮਾਗਮ ਦੌਰਾਨ ਵੱਡੀ ਉਮਰ ਦੇ ਸੀਨੀਅਰ 7 ਪੁਲਿਸ ਪੈਨਸ਼ਨਰਜ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ 1/1 ਲੋਈ ਤੇ ਥਰਮੋਸ ਬੋਤਲ ਦੇ ਕੇ ਨਿਵਾਜਿਆ ਗਿਆ। ਉਹਨਾਂ ਪਾਸੋਂ ਤੰਦਰੁਸਤੀ/ਉਮਰ ਦਾ ਰਾਜ ਤੇ ਮਹਿਕਮਾਂ ਵਿੱਚ ਕੀਤੇ ਕੰਮਾਂ ਕਾਰਾਂ ਸਬੰਧੀ ਪੁੱਛਿਆ ਗਿਆ ਅਤੇ ਤਾੜੀਆਂ ਮਾਰ ਕੇ ਉਹਨਾਂ ਦੀ ਹੌਸਲਾਂ ਅਫਜਾਈ ਕੀਤੀ ਗਈ। ਅਖੀਰ ਵਿੱਚ ਜਨਰਲ ਸਕੱਤਰ ਅਮਰਜੀਤ ਸਿੰਘ ਭਾਈਰੂਪਾ, ਪ੍ਰੀਤਮ ਸਿੰਘ ਮੀਤ ਪ੍ਰਧਾਨ, ਦਰਸ਼ਨ ਕੁਮਾਰ ਗੇਹਲੇ ਨੇ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਪੈਨਸ਼ਨਰ ਦਫਤਰ ਵਿਖੇ ਪਿਛਲੇ 2 ਸਾਲਾਂ ਦੌਰਾਨ ਕੀਤੇ ਵਡਮੁੱਲੇ ਕਾਰਜਾਂ ਦੀ ਭਰਵੀਂ ਪ੍ਰਸੰਸਾ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਹਾਜਰੀਨ ਦਾ ਐਸੋਸੀਏਸ਼ਨ ਦੇ ਆਹੁਦੇਦਾਰਾਂ ਵੱਲੋਂ ਧੰਨਵਾਦ ਕੀਤਾ ਗਿਆ।