ਜਾਨ ਜੌਖਮ ‘ਚ ਪਾ ਕੇ ਸਕੂਲ ਅੱਪੜਦੇ ਨੇ ਵਿਦਿਆਰਥੀ

0
25

ਬਰੇਟਾ 19,ਫਰਵਰੀ (ਸਾਰਾ ਯਹਾ /ਰੀਤਵਾਲ) ਵੈਸੇ ਤਾਂ ਬਰੇਟਾ ਇਲਾਕਾ ਅਨੇਕਾਂ ਸਹੂਲਤਾਂ ਤੋਂ ਸੱਖਣਾ
ਪਿਆ ਹੈ ਪਰ ਜੇਕਰ ਆਵਾਜਾਈ ਦੇ ਸਾਧਨਾਂ ਦੀ ਗੱਲ ਕੀਤੀ ਜਾਵੇ , ਉਹ ਵੀ ਹੋਰ
ਏਰੀਏ ਦੇ ਮੁਤਾਬਿਕ ਬਰੇਟਾ ਇਲਾਕੇ ‘ਚ ਵਧੇਰੇ ਘੱਟ ਹਨ । ਜਿਸਨੂੰ ਲੈ ਕੇ
ਯਾਤਰੀਆਂ ਅਤੇ ਵਿਦਿਆਰਥੀਆਂ ਨੂੰ ਆਪਣੀ ਮੰਜਿਲ ਤੱਕ ਅੱਪੜਨ ਦੇ ਲਈ ਜਾਨ
ਜੌਖਮ ‘ਚ ਪਾਉਣੀ ਪੈਂਦੀ ਹੈ । ਸਵੇਰ ਅਤੇ ਸ਼ਾਮ ਦੇ ਸਮੇਂ ਵਾਇਆ ਬਰੇਟਾ ,
ਜਾਖਲ ਹੋ ਕੇ ਬੁਢਲਾਡਾ ਤੋਂ ਪਟਿਆਲਾ ਆਉਣ ਜਾਣ ਵਾਲੀਆਂ ਬੱਸਾਂ ਜਿਆਦਤਰ
ਓਵਰਲੋਡ ਹੁੰਦੀਆਂ ਹਨ । ਜਿਸ ਦੇ ਕਾਰਨ ਕਈ ਵਾਰ ਮਜਬੂਰਨ ਸਵਾਰੀਆਂ ਨੂੰ ਐਨੀ
ਠੰਢ ‘ਚ ਬੱਸਾਂ ਦੀਆਂ ਤਾਕੀਆਂ ‘ਚ ਅਤੇ ਛੱਤਾਂ ਤੇ ਬੈਠ ਕੇ ਸਫਰ ਕਰਨਾ ਪੈਦਾ
ਹੈ । ਇਸ ਸਬੰਧੀ ਅਪਨਾ ਕਲੱਬ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਸਵੇਰ ਸ਼ਾਮ ਦੇ
ਸਮੇਂ ਜਿਆਦਾਤਰ ਬੱਸਾਂ ਸਵਾਰੀਆਂ ਨਾਲ ਖਚਾਖਚ ਭਰੀਆਂ ਹੁੰਦੀਆਂ ਹਨ ਅਤੇ
ਵਿਦਿਆਰਥੀਆਂ ਨੂੰ ਮਜਬੂਰਨ ਬੱਸਾਂ ਦੀਆਂ ਛੱਤਾਂ ਦੇ ਉੱਪਰ ਜਾਂ ਫਿਰ ਤਾਕੀਆਂ
‘ਚ ਲਮਕ ਕੇ ਕਾਲਜਾਂ ਅਤੇ ਸਕੂਲਾਂ ਤੱਕ ਪਹੁੰਚਣਾ ਪੈਂਦਾ ਹੈ । ਜੋ ਕਿਸੇ ਸਮੇਂ ਵੀ
ਜਿੰਦਗੀ ਲਈ ਵੱਡਾ ਖਤਰਾ ਪੈਦਾ ਹੋਣ ਦਾ ਕਾਰਨ ਬਣ ਸਕਦਾ ਹੈ। ਇਹਨਾਂ
ਵਿਦਿਆਰਥੀਆਂ ਨੂੰ ਬੱਸਾਂ ਦੇ ਆਲੇ ਦੁਆਲੇ ਲਮਕਦੇ ਦੇਖਕੇ ਆਉਣ ਜਾਣ
ਵਾਲੇ ਰਾਹਗੀਰ ਵੀ ਡਰ ਨਾਲ ਅੰਦਰ ਤੱਕ ਕੰਬ ਜਾਂਦੇ ਹਨ । ਕਲੱਬ ਮੈਂਬਰਾਂ ਨੇ ਦੱਸਿਆਂ
ਅੱਜ ਸਵਰੇ 9 ਵਜੇ ਦੇ ਕਰੀਬ ਸਕੂਲ ਪਹੁੰਚਣ ਦੇ ਲਈ ਕੁਝ ਵਿਦਿਆਰਥੀਆਂ ਨੂੰ ਪਿੰਡ
ਸਿਰਸੀਵਾਲਾ ਅਤੇ ਦਾਤੇਵਾਸ ਦੇ ਵਿਚਕਾਰ ਇੱਕ ਸਰਕਾਰੀ ਬੱਸ ਦੀਆਂ ਪੌੜੀਆਂ ਤੇ
ਲਮਕ ਕੇ ਸਫਰ ਕਰਦਿਆਂ ਦੇਖਿਆਂ ਗਿਆ , ਜੋ ਕਿਸੇ ਸਮੇਂ ਵੀ ਹਾਦਸੇ ਦਾ ਕਾਰਨ ਬਣ
ਸਕਦਾ ਸੀ। ਇਸ ਸਬੰਧੀ ਵਿਦਿਆਰਥੀਆਂ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ
ਸਕੂਲਾਂ,ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਹਰ ਤਰਾਂ ਦੀਆਂ ਸਹੁਲਤਾਂ
ਦੇਣ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਵਿਦਿਆਰਥੀਆਂ ਦੀਆਂ
ਅਜਿਹੀਆਂ ਸਮੱਸਿਆਵਾਂ ਤੋਂ ਅਣਜਾਣ ਹਨ । ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਸ
ਖੇਤਰ ਵਿੱਚ ਬੱਸਾਂ ਦੇ ਰੂਟ ਵਧਾਏ ਜਾਣ ਤਾਂ ਕਿ ਮੁਸਾਫਿਰ ਅਤੇ ਵਿਦਿਆਰਥੀ
ਬਿਨਾਂ੍ਹ ਕਿਸੇ ਜੋਖਮ ਤੋਂ ਆਪਣੀ ਮੰਜਿਲ ਤੇ ਪੁੱਜ ਸਕਣ। ਜਦ ਇਸ ਬੁਢਲਾਡਾ ਡਿੱਪੂ
ਦੇ ਇੰਸਪੈਕਟਰ ਜਗਸੀਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਸਾਡੇ ਅੱਜ
ਹੀ ਧਿਆਨ ‘ਚ ਆਇਆ ਹੈ । ਅੱਗੇ ਤੋਂ ਅਜਿਹੀ ਅਣਗਹਿਲੀ ਨਹੀਂ ਹੋਣ ਦਿੱਤੀ ਜਾਵੇਗੀ

NO COMMENTS