*ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ’ਤੇ ਮਨਾਇਆ ਵਿਸ਼ਵ ਆਇਓਡੀਨ ਦਿਵਸ:-ਸਿਵਲ ਸਰਜਨ*

0
35

ਮਾਨਸਾ 21 ਅਕਤੂਬਰ-(ਸਾਰਾ ਯਹਾਂ/ਮੁੱਖ ਸੰਪਾਦਕ)
ਸਿਵਲ ਸਰਜਨ ਡਾ. ਹਰਦੇਵ ਸਿੰਘ ਦੀਆਂ ਹਦਾਇਤਾਂ ਅਨੁਸਾਰ ਨੈਸ਼ਨਲ ਆਇਉਡੀਨ ਡੈਫੀਸੈਂਸੀ ਡਿਸਆਰਡਰ ਕੰਟਰੋਲ ਪ੍ਰੋਗਰਾਮ ਅਧੀਨ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਵਿਸ਼ਵ ਆਇਓਡੀਨ ਦਿਵਸ ਮਨਾਇਆ ਗਿਆ। ਇਸੇ ਲੜੀ ਤਹਿਤ ਜੱਚਾ-ਬੱਚਾ ਹਸਪਤਾਲ ਮਾਨਸਾ ਵਿਖੇ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ ਜ਼ਿਲ੍ਹਾ ਟੀਕਾਕਾਰਨ ਅਫ਼ਸਰ ਡਾ. ਕੰਵਲਪ੍ਰੀਤ ਕੌਰ ਬਰਾੜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
          ਇਸ ਮੌਕੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਪ੍ਰਵੇਸ਼ ਜਿੰਦਲ ਨੇ ਦੱਸਿਆ ਕਿ ਸਾਡੇ ਗਲੇ ਵਿੱਚ ਇੱਕ ਥਾਇਰਾਇਡ ਗਲੈਂਡ ਹੈ, ਜੋ ਕਿ ਖਾਸ ਤੱਤ ਬਣਾਉਂਦਾ ਹੈ ਜਿਸ ਨੂੰ ਥਾਈਰੋਕਸਨ ਕਹਿਦੇ ਹਨ। ਇਹ ਸਾਡੇ ਸਰੀਰ ਵਿੱਚ ਚੰਗੇ ਤਰੀਕੇ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ, ਜੋ ਹੱਡੀਆਂ ਅਤੇ ਨਸਾਂ ਦਾ ਵਿਕਾਸ ਕਰਦਾ ਹੈ। ਇਹ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਅਤੇ ਗਰਭਵਤੀ ਔਰਤਾਂ, ਗਰਭ ਅਵਸਥਾ ਸਿਸ਼ੂ ਦੇ ਵਿਕਾਸ ਲਈ ਵੀ ਬਹੁਤ ਜਰੂਰੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਥਾਇਰਾਇਡ ਗਲੈਂਡ ਸਹੀ ਤਰ੍ਹਾਂ ਨਾਲ ਕੰਮ ਨਹੀਂ ਕਰਦਾ ਹੈ ਅਤੇ ਜੇਕਰ ਬੱਚਿਆਂ ਤੇ ਗਰਭਵਤੀ ਔਰਤਾਂ ਵਿੱਚ ਇਸ ਦੀ ਕਮੀ ਹੁੰਦੀ ਹੈ ਤਾਂ ਇਸ ਕਮੀ ਨਾਲ ਹੋਣ ਵਾਲੇ ਰੋਗ ਹਮੇਸ਼ਾ ਲਈ ਹੁੰਦੇ ਹਨ, ਜਿਨਾਂ ਦਾ ਕੋਈ ਇਲਾਜ ਸੰਭਵ ਨਹੀਂ ਹੈ।
ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਵਿਜੈ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 21 ਅਕਤੂਬਰ ਨੂੰ *ਵਿਸ਼ਵ ਆਇਓਡੀਨ ਦਿਵਸ* ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਸਾਡੇ ਸਰੀਰ ਨੂੰ ਆਇਓਡੀਨ ਦੀ ਭਰਪੂਰ ਮਾਤਰਾ ਦੀ ਲੋੜ ਹੁੰਦੀ ਹੈ ਜੇਕਰ ਇਸ ਦੀ ਘਾਟ ਹੋ ਜਾਵੇ ਤਾਂ ਗਿੱਲੜ ਰੋਗ ਹੋ ਸਕਦਾ ਹੈ। ਇਸ ਲਈ ਸਾਨੂੰ ਆਇਓਡੀਨ ਭਰਪੂਰ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਗਰਭਾਵਸਥਾ ਦੌਰਾਨ ਇਸ ਦੀ ਘਾਟ ਨਾਲ ਸਰੀਰ ਨੂੰ ਹੋਰ ਵੀ ਕਈ ਤਰ੍ਹਾਂ ਦੀ ਬੀਮਾਰੀਆਂ ਲੱਗ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਨਮਕ ਨੂੰ ਏਅਰ ਟਾਈਟ ਬਰਤਨ ਵਿੱਚ ਰਖਣਾ ਚਾਹੀਦਾ ਹੈ, ਤਾਂ ਜੋ ਨਮਕ ਵਿੱਚ ਆਇਓਡੀਨ ਦੀ ਮਾਤਰਾ ਘੱਟ ਨਾ ਹੋ ਜਾਵੇ।
ਉਪ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦਰਸ਼ਨ ਸਿੰਘ ਨੇ ਦੱਸਿਆ ਕਿ ਸਾਨੂੰ ਹਰ ਰੋਜ਼ ਭੋਜਨ ਵਿੱਚ ਆਇਓਡੀਨ ਵਾਲੀਆਂ ਚੀਜ਼ਾਂ ਜਿਵੇਂ ਦੁੱਧ, ਦਹੀ, ਅੰਡਾ, ਮੱਛੀ, ਸਮੁੰਦਰੀ ਭੋਜਨ ਅਤੇ ਹਮੇਸ਼ਾ ਭੋਜਨ ਵਿੱਚ ਆਇਓਡੀਨ ਵਾਲੇ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਮੌਕੇ ਸੰਜੀਵ ਕੁਮਾਰ ਹੈਲਥ ਸੁਪਰਵਾਈਜ਼ਰ, ਗੁਰਿੰਦਰਜੀਤ ਸਿੰਘ ਅਤੇ ਬਲਜੀਤ ਸਿੰਘ ਸਿਹਤ ਕਰਮਚਾਰੀ, ਪੂਨਮ ਰਾਣੀ ਨਰਸਿੰਗ ਸਿਸਟਰ, ਏ.ਐਨ.ਐਮ., ਆਸ਼ਾ ਵਰਕਰਾਂ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀਆਂ ਤੋਂ ਇਲਾਵਾ ਕਰਮਚਾਰੀ ਆਮ ਪਬਲਿਕ ਦੇ ਨੁਮਾਇੰਦੇ ਬਜ਼ੁਰਗ ਅਤੇ ਬੱਚੇ ਗਰਭਵਤੀ ਮਾਵਾਂ ਵੀ ਹਾਜ਼ਰ ਸਨ।

NO COMMENTS