*ਜ਼ਿਲ੍ਹੇ ਅੰਦਰ ਚੱਲ ਰਹੀਆਂ 114 ਯੋਗ ਕਲਾਸਾਂ ਦਾ ਲੋਕ ਲੈ ਰਹੇ ਨੇ ਲਾਹਾ-ਡਿਪਟੀ ਕਮਿਸ਼ਨਰ*

0
55

ਮਾਨਸਾ, 17 ਜੂਨ:(ਸਾਰਾ ਯਹਾਂ/ਮੁੱਖ ਸੰਪਾਦਕ)
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੇ ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਲਈ ਸੀ.ਐਮ. ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਅੰਦਰ 114 ਮੁਫ਼ਤ ਯੋਗ ਕਲਾਸਾਂ ਚੱਲ ਰਹੀਆਂ ਹਨ। ਇੰਨ੍ਹਾਂ ਕਲਾਸਾਂ ਵਿਚ 22 ਟਰੇਨਰ ਹਨ ਜੋ ਲੋਕਾਂ ਦੀ ਸਹੂਲਤ ਮੁਤਾਬਿਕ ਸੈਸ਼ਨ ਲਗਾ ਕੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਯੋਗਾ ਕਲਾਸਾਂ ਨਾਲ ਜ਼ਿਲ੍ਹੇ ਦੇ 2905 ਮੈਂਬਰ ਜੁੜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯੋਗਾ ਕਲਾਸਾਂ ਲਈ ਟੋਲ ਫਰੀ ਨੰਬਰ 76694-00500 ਜਾਂ https://cmdiyogshala.punjab.gov.in ਪੋਰਟਲ ’ਤੇ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
ਯੋਗਸ਼ਾਲਾ ਦੇ ਸੁਪਰਵਾਈਜ਼ਰ ਰਮਨਦੀਪ ਕੌਰ ਨੇ ਕਿਹਾ ਕਿ ਯੋਗਾ ਰਾਹੀਂ ਲੋਕਾਂ ਦੀਆਂ ਆਮ ਸਿਹਤ ਸਮੱਸਿਆਵਾਂ ਜਿਵੇਂ ਕਿ  ਜੋੜਾਂ ਦੇ ਦਰਦ, ਕਮਰ ਦਰਦ ਆਦਿ ਕੁੱਝ ਵਿਸ਼ੇਸ਼ ਆਸਣਾਂ ਨਾਲ ਹੀ ਠੀਕ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਯੋਗ ਆਸਣ ਪੁਰਾਤਨ ਸਮੇਂ ਤੋਂ ਮਾਨਵੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਵਰਤੋਂ ’ਚ ਲਿਆਏ ਜਾਂਦੇ ਹਨ ਜੋ ਸਾਡੀ ਮਾਡਰਨ ਪੀੜ੍ਹੀ ਵੱਲੋਂ ਕੁੱਝ ਸਮਾਂ ਵਿਸਾਰੇ ਜਾਣ ਬਾਅਦ ਹੁਣ ਫ਼ਿਰ ਤੋਂ ਹਰਮਨ ਪਿਆਰਤਾ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਯੋਗਾ ਜਿੱਥੇ ਸਾਨੂੰ ਤਾਜ਼ਗੀ ਦਾ ਅਹਿਸਾਸ ਕਰਵਾਉਂਦਾ ਹੈ ਉੱਥੇ ਸਾਡੀ ਅੰਦਰੂਨੀ ਊਰਜਾ ਨੂੰ ਇਕੱਠੀ ਕਰਕੇ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਤੋਂ ਬਾਹਰ ਲਿਆ ਕੇ ਸਾਡੇ ਮਾਨਸਿਕ ਤਣਾਅ ਅਤੇ ਸਰੀਰਕ ਪ੍ਰੇਸ਼ਾਨੀਆਂ ਤੋਂ ਛੁਟਕਾਰੇ ਲਈ ਰਾਮਬਾਣ ਵੀ ਸਿੱਧ ਹੁੰਦਾ ਹੈ।

NO COMMENTS