*ਜ਼ਿਲ੍ਹਾ ਮਾਨਸਾ ਵਿੱਚ 98086 ਲਾਭਪਾਤਰੀਆਂ ਨੂੰ ਵਧੀ ਹੋਈ ਪੈਨਸ਼ਨ ਦਾ ਲਾਭ ਮਿਲਣਾ ਸ਼ੁਰੂ: ਮਾਨਸ਼ਾਹੀਆ*

0
78

ਮਾਨਸਾ, 31 ਅਗਸਤ (ਸਾਰਾ ਯਹਾਂ/ਸੰਪਾਦਕ /ਬਲਜੀਤ ਸ਼ਰਮਾ) : ਵਿਧਾਇਕ ਸ੍ਰ ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਅੱਜ ਮਾਨਸਾ ਵਿੱਚ ਬੁਢਾਪਾ, ਵਿਧਵਾ, ਬੇਸਹਾਰਾ ਬੱਚਿਆਂ ਅਤੇ ਵਿਸ਼ੇਸ਼ ਤੌਰ ‘ਤੇ ਅਪਾਹਜਾਂ ਸਮੇਤ 98086 ਲਾਭਪਾਤਰੀਆਂ ਨੂੰ 750 ਰੁਪਏ ਤੋਂ 1500 ਰੁਪਏ ਤੱਕ ਦੁੱਗਣੀ ਸਮਾਜਿਕ ਸੁਰੱਖਿਆ ਪੈਨਸ਼ਨ ਦੇਣ ਦੀ ਪ੍ਰਕਿਰਿਆ ਦਾ ਰਸਮੀ ਆਗਾਜ਼ ਕੀਤਾ ਗਿਆ। ਸ੍ਰ ਮਾਨਸ਼ਾਹੀਆ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਰਚੂਅਲ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਨ। ਜ਼ਿਕਰਯੋਗ ਹੈ ਕਿ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਆਨਲਾਈਨ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਵੱਲੋਂ 1 ਜੁਲਾਈ 2021 ਤੋਂ ਲਾਗੂ ਕੀਤੀ ਦੁੱਗਣੀ ਪੈਨਸਨ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ।ਵਰਚੂਅਲ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਬਾਅਦ  ਵਿਧਾਇਕ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਵਿੱਤੀ ਸਹਾਇਤਾ ਅਧੀਨ 6168 ਲਾਭਪਾਤਰੀ ਬੇਸਹਾਰਾ ਬੱਚੇ ਹਨ ਜਦਕਿ 9030 ਅਪਾਹਜ ਵਿਅਕਤੀ,

15955 ਵਿਧਵਾ ਲਾਭਪਾਤਰੀ ਅਤੇ 66933 ਬੁਢਾਪਾ ਪੈਨਸ਼ਨ ਲਾਭਪਾਤਰੀ ਇਸ ਯੋਜਨਾ ਦਾ ਲਾਭ ਲੈਣਗੇ । ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹੇ ਦੇ ਹਰੇਕ ਯੋਗ ਲਾਭਪਾਤਰੀ ਨੂੰ ਪੈਨਸ਼ਨ ਮਿਲੇਗੀ ਅਤੇ ਕੋਈ ਵੀ ਲਾਭਪਾਤਰੀ ਆਪਣੇ ਲਾਭ ਤੋਂ ਵਾਂਝਾ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਵਧਾਈ ਗਈ ਰਕਮ ਦਾ ਉਦੇਸ਼ ਸਾਰੇ ਲਾਭਪਾਤਰੀਆਂ ਨੂੰ ਵਿੱਤੀ ਤੌਰ ਉੱਤੇ ਮਜ਼ਬੂਤ ਬਣਾਉਣਾ ਹੈ ਕਿਉਂਕਿ ਉਹ ਸਮਾਜ ਦਾ ਅਨਿੱਖੜਵਾਂ ਅੰਗ ਹਨ। ਸਮਾਗਮ ਦੌਰਾਨ ਚੋਣਵੇਂ ਲਾਭਪਾਤਰੀਆਂ ਨੂੰ ਵਧੀ ਹੋਈ ਪੈਨਸ਼ਨ ਰਾਸ਼ੀ ਦਾ ਚੈਕ ਦਿੱਤਾ ਗਿਆ, ਜਦੋਂ ਕਿ ਬਾਕੀ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਅਦਾਇਗੀ ਟ੍ਰਾਂਸਫਰ ਪ੍ਰਣਾਲੀ ਰਾਹੀਂ ਕੀਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਉਪਕਾਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਵਰਿੰਦਰ ਸਿੰਘ ਬੈਂਸ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਪਰਦੀਪ ਸਿੰਘ ਗਿੱਲ ਵੀ ਮੌਜੂਦ ਸਨ।

LEAVE A REPLY

Please enter your comment!
Please enter your name here