ਮਾਨਸਾ, 09 ਅਕਤੂਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੀ ਨਿਗਰਾਨੀ ਹੇਠ ਗ੍ਰਾਮ ਪੰਚਾਇਤ ਚੋਣਾਂ-2024 ਦੇ ਮੱਦੇਨਜ਼ਰ ਚੋਣ ਅਮਲੇ ਦੀ ਦੂਜੀ ਰੈਂਡੇਮਾਈਜੇਸ਼ਨ ਪ੍ਰਕਿਰਿਆ ਮੁਕੰਮਲ ਹੋਈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ ਪੰਜ ਬਲਾਕਾਂ ਦੇ 547 ਪੋਲਿੰਗ ਸਟੇਸ਼ਨਾਂ ਵਿਖੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਵੰਡ ਸਬੰਧੀ ਦੂਜੀ ਰੈਂਡੇਮਾਈਜੇਸ਼ਨ ਅੱਜ ਪੂਰੀ ਹੋ ਗਈ ਹੈ। ਜਿਸ ਵਿੱਚ ਪ੍ਰੀਜ਼ਾਈਡਿੰਗ ਅਫ਼ਸਰ, ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰ ਅਤੇ ਪੋਲਿੰਗ ਅਫ਼ਸਰਾਂ ਦੀਆਂ ਪੋਲਿੰਗ ਪਾਰਟੀਆਂ ਬਣਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ 15 ਅਕਤੂਬਰ 2024 ਨੂੰ ਪੈਣ ਵਾਲੀਆਂ ਵੋਟਾਂ ਦੀ ਸਮੁੱਚੀ ਪ੍ਰਕਿਰਿਆ ਨੂੰ ਪਾਰਦਰਸ਼ੀ, ਨਿਰਵਿਘਨ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਮਾਨਸਾ ਵਿੱਚ ਚੋਣ ਸਟਾਫ਼ ਦੀ ਤਾਇਨਾਤੀ ਕੀਤੀ ਜਾ ਰਹੀ ਹੈ, ਜਿੰਨ੍ਹਾਂ ਦੀ ਦੂਜੀ ਰਿਹਰਸਲ 11 ਅਕਤੂਬਰ ਨੂੰ ਮਾਨਸਾ, ਸਰਦੂਲਗੜ੍ਹ, ਝੁਨੀਰ, ਭੀਖੀ ਅਤੇ ਬੁਢਲਾਡਾ ਵਿਖੇ ਸਵੇਰੇ 10 ਵਜੇ ਹੋਵੇਗੀ। ਤੀਜੀ ਰਿਹਰਸਲ 14 ਅਕਤੂਬਰ ਨੂੰ ਹੋਵੇਗੀ ਅਤੇ ਉਸੇ ਦਿਨ ਹੀ ਪਾਰਟੀਆਂ ਪੋਲਿੰਗ ਲਈ ਰਵਾਨਾ ਕੀਤੀਆਂ ਜਾਣਗੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਆਕਾਸ਼ ਬਾਂਸਲ, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ ਨੋਡਲ ਅਫ਼ਸਰ ਮੈਨਪਾਵਰ ਮੈਨੇਜ਼ਮੈਂਟ-ਕਮ-ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ, ਸਹਾਇਕ ਨੋਡਲ ਅਫ਼ਸਰ ਮੈਨਪਾਵਰ-ਕਮ-ਜ਼ਿਲ੍ਹਾ ਸੂਚਨਾ ਅਤੇ ਵਿਗਿਆਨ ਅਫ਼ਸਰ ਰਵੀਨਾ ਢਿੱਲੋਂ, ਨਰਿੰਦਰ ਸਿੰਘ ਮੋਹਲ ਅਤੇ ਵਿਨੈ ਕੁਮਾਰ ਹਾਜ਼ਰ ਸਨ।