ਮਾਨਸਾ, 02,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ):ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਡਿੱਗਦੇ ਜਾਣ ਸਬੰਧੀ ਆਲੇ ਦੁਆਲੇ ਚੱਲਣ ਵਾਲੀਆਂ ਚਰਚਾਵਾਂ ਕਾਰਨ ਸਾਡੇ ਮਨਾਂ ਵਿੱਚ ਵੀ ਇਹ ਡਰ ਹਾਵੀ ਹੋਣ ਲੱਗ ਗਿਆ ਸੀ ਕਿ ਭਵਿੱਖ ਵਿੱਚ ਸਾਡਾ ਅਤੇ ਸਾਡੀਆਂ ਨਵੀਆਂ ਪੀੜ੍ਹੀਆਂ ਦਾ ਕੀ ਬਣੇਗਾ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਸਾਡੇ ਘਰਾਂ ਵਿੱਚ ਸਾਫ਼ ਸੁਥਰਾ ਪਾਣੀ ਪਹੁੰਚਾ ਕੇ ਸਾਡੀਆਂ ਚਿੰਤਾਵਾਂ ਨੂੰ ਦੂਰ ਕਰ ਦਿੱਤਾ ਹੈ। ਇਹ ਕਹਿਣਾ ਹੈ ਪਿੰਡ ਬੱਪੀਆਣਾ ਦੇ ਬਾਹਰਵਾਰ ਖੇਤਾਂ ਵਿੱਚ ਰਹਿੰਦੇ ਕਰੀਬ 70 ਵਰ੍ਹਿਆਂ ਦੇ ਭਰਪੂਰ ਸਿੰਘ ਦਾ।ਉਮਰ ਦੇ ਛੇਵੇਂ ਦਹਾਕੇ ਨੂੰ ਹੰਢਾ ਰਹੇ ਪਿੰਡ ਦੇ ਹੀ ਗੁਰਚਰਨ ਸਿੰਘ ਦਸਦੇ ਹਨ ਕਿ ਕੋਈ ਸਮਾਂ ਸੀ ਜਦੋਂ ਪਿੰਡ ਦੇ ਘਰਾਂ ਵਿੱਚ ਲੋੜ ਮੁਤਾਬਕ ਨਾ ਘਰੇਲੂ ਵਰਤੋਂ ਲਈ ਪਾਣੀ ਹੁੰਦਾ ਸੀ ਅਤੇ ਨਾ ਹੀ ਪਸ਼ੂਆਂ ਦੀ ਪਾਣੀ ਸਬੰਧੀ ਜ਼ਰੂਰਤ ਪੂਰੀ ਹੁੰਦੀ ਸੀ । ਪਿੰਡ ਬੱਪੀਆਣਾ ਦੇ ਸਰਪੰਚ ਕੁਲਦੀਪ ਸਿੰਘ ਮਾਣ ਨਾਲ ਦੱਸਦੇ ਹਨ ਕਿ 2275 ਲੋਕਾਂ ਦੀ ਆਬਾਦੀ ਵਾਲੇ ਪਿੰਡ ਦੇ ਸੌ ਫੀਸਦੀ ਘਰਾਂ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਾਣੀ ਦੇ ਕੁਨੈਕਸ਼ਨ ਲਗਾ ਦਿੱਤੇ ਗਏ ਹਨ। ” ਇਹ ਕੋਈ ਸਾਧਾਰਨ ਗੱਲ ਨਹੀਂ ਹੈ ਕਿ ਤੁਹਾਡੇ ਘਰਾਂ ਵਿੱਚ ਲੋੜ ਅਨੁਸਾਰ ਪਾਣੀ ਉਪਲਬਧ ਰਹੇ, ਸਮਝੋ ਪਾਣੀ ਸਬੰਧੀ ਚਿੰਤਾ ਮੁੱਕ ਗਈ ਹੈ।” ਸਰਪੰਚ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਤਰਫੋਂ ਜਦੋਂ ਇਸ ਯੋਜਨਾ ਦੇ ਤਹਿਤ ਪਿੰਡ ਨੂੰ ਚੁਣਿਆ ਗਿਆ ਤਾਂ ਪਿੰਡ ਵਾਸੀ ਉਤਸ਼ਾਹਿਤ ਹੋ ਗਏ ਕਿਉਂਕਿ ਸਭ ਨੂੰ ਪਤਾ ਹੈ ਕਿ ਪਾਣੀ ਹੈ ਤਾਂ ਜੀਵਨ ਹੈ। ਪਹਿਲਾਂ ਪਿੰਡ ਦੇ ਕਰੀਬ 60 ਫੀਸਦੀ ਘਰਾਂ ਵਿੱਚ ਟੂਟੀਆਂ ਰਾਹੀਂ ਪਾਣੀ ਉਪਲਬਧ ਸੀ ਅਤੇ ਹੁਣ 100 ਫੀਸਦੀ ਵਿੱਚ ਹੈ।ਸਚਮੁੱਚ ਇਹ ਵੱਡੀ ਪ੍ਰਾਪਤੀ ਹੈ। ਹੁਣ ਸਰਕਾਰ ਦੀ ਮਿਹਰਬਾਨੀ ਨਾਲ ਉਨ੍ਹਾਂ ਦੇ ਘਰਾਂ ਵਿੱਚ ਪਾਣੀ ਦੀ
ਪੂਰੀ ਬਰਕਤ ਹੈ।ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਜੋ ਕਿ ਜਲ ਜੀਵਨ ਮਿਸ਼ਨ ਨੂੰ ਪਿੰਡਾਂ ਵਿੱਚ ਸਫਲਤਾਪੂਰਵਕ ਲਾਗੂ ਕਰਨ ਲਈ ਸਰਗਰਮ ਹਨ, ਨੇ ਦੱਸਿਆ ਕਿ ਜਲ ਜੀਵਨ ਮਿਸ਼ਨ ਸਦਕਾ ਜ਼ਿਲ੍ਹਾ ਮਾਨਸਾ ਦੇ 130 ਪਿੰਡਾਂ ਦੇ ਲੋਕ ਸਾਫ਼ ਪਾਣੀ ਮਿਲਣ ਨਾਲ ਖੁਸ਼ਹਾਲ ਹੋ ਗਏ ਹਨ ਅਤੇ ਪੇਂਡੂ ਖੇਤਰਾਂ ਵਿੱਚ ਪਾਈਪਾਂ ਰਾਹੀਂ ਸਾਫ਼ ਪਾਣੀ ਦੀ ਸਪਲਾਈ ਇੱਕ ਸ਼ਾਨਦਾਰ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਪੀਣ ਅਤੇ ਵਰਤਣ ਲਈ ਸਾਫ ਸੁਥਰਾ ਪਾਣੀ ਉਪਲਬਧ ਹੋਣ ਨਾਲ ਇਹ ਗੱਲ ਯਕੀਨੀ ਹੈ ਕਿ ਪਾਣੀ ਭਾਰੀਆਂ ਅਤੇ ਘਾਤਕ ਧਾਤਾਂ ਤੋਂ ਮੁਕਤ ਹੋ ਕੇ ਜੀਵਨ ਨੂੰ ਤੰਦਰੁਸਤੀ ਬਖਸ਼ਣ ਵਿੱਚ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਹਲਕੇ ਦੇ ਕਰੀਬ 40 ਪਿੰਡਾਂ ਵਿੱਚ ਸੌ ਫ਼ੀਸਦੀ ਘਰਾਂ ਵਿੱਚ ਪਾਣੀ ਪੁੱਜ ਰਿਹਾ ਹੈ ਅਤੇ ਬਾਕੀ ਰਹਿੰਦੇ 33 ਪਿੰਡਾਂ ਵਿੱਚ ਇਸ ਟੀਚੇ ਨੂੰ ਮਾਰਚ 2022 ਤੱਕ ਪੂਰਾ ਕਰਨ ਦੀ ਹਦਾਇਤ ਕੀਤੀ ਗਈ ਹੈ।I/138510/2021