*ਜ਼ਿਲ੍ਹਾ ਚੋਣ ਅਫ਼ਸਰ ਦੀ ਅਗਵਾਈ ਹੇਠ ‘ਯੂਥ ਚੱਲਿਆ ਬੂਥ’ ਦੇ ਬੈਨਰ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਮਾਤਾ ਸੁੰਦਰੀ ਗਰਲਜ਼ ਕਾਲਜ ਤੱਕ ਵੋਟਰ ਜਾਗਰੂਕਤਾ ਰੈਲੀ ਕੱਢੀ*

0
52

ਮਾਨਸਾ, 30 ਮਈ: (ਸਾਰਾ ਯਹਾਂ/ਮੁੱਖ ਸੰਪਾਦਕ)
ਲੋਕ ਸਭਾ ਚੋਣਾਂ ਲਈ ਚੋਣ ਕਮਿਸ਼ਨਰ ਦੇ ਨਾਅਰੇ ‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਪੂਰਾ ਕਰਨ ਦੇ ਮੰਤਵ ਨਾਲ ਸਵੀਪ ਪ੍ਰੋਗਰਾਮ ਦੇ ਨਾਲ ਨਾਲ ‘ਯੂਥ ਚੱਲਿਆ ਬੂਥ’ ਦੇ ਬੈਨਰ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਮਾਤਾ ਸੁੰਦਰੀ ਗਰਲਜ਼ ਕਾਲਜ ਤੱਕ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਹ ਪੈਦਲ ਮਾਰਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਨਿਊ ਕੋਰਟ ਰੋਡ ਤੋਂ ਹੁੰਦਾ ਹੋਇਆ ਲੋਕਾਂ ਨੂੰ ਵੋਟਾਂ ਪਾਉਣ ਦੀ ਮਹੱਤਤਾ ਸਬੰਧੀ ਜਾਣੂ ਕਰਵਾਉਂਦਾ ਹੋਇਆ ਮਾਤਾ ਸੁੰਦਰੀ ਗਰਲਜ਼ ਕਾਲਜ ਵਿਖੇ ਸਮਾਪਤ ਹੋਇਆ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਦਿੱਤੇ ‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਸਫਲਤਾ ਨਾਲ ਹਾਸਲ ਕਰਨ ਲਈ ਜਿੱਥੇ ਲਗਾਤਾਰ ਸਵੀਪ ਪ੍ਰੋਗਰਾਮ ਅਧੀਨ ਨੋਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਹੋਰਨਾਂ ਲੋਕਾਂ ਨੂੰ ਵੀ ਜਾਗਰੂਕ ਕਰਨ ਦੇ ਮਕਸਦ ਨਾਲ ਇਹ ਪੈਦਲ ਮਾਰਚ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪੈਦਲ ਮਾਰਚ ਦਾ ਮੁੱਖ ਮਕਸਦ ਲੋਕਾਂ ਨੂੰ ਲੋਕਤੰਤਰ ਨਾਲ ਜੁੜ ਕੇ ਆਪਣੀ ਵੋਟ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਚੋਣ ਬੂਥਾਂ ’ਤੇ ਛਾਂ, ਪੀਣ ਵਾਲੇ ਪਾਣੀ, ਕੂਲਰ ਆਦਿ ਦਾ ਪ੍ਰਬੰਧ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਵੋਟਾਂ ਪਾਉਣ ਦਾ ਸਮਾਂ ਸਵੇਰੇ 07:00 ਵਜੇ ਤੋਂ ਲੈਕੇ ਸ਼ਾਮ 06:00 ਵਜੇ ਤੱਕ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਚ 05 ਲੱਖ, 93 ਹਜ਼ਾਰ, 509 ਵੋਟਰ ਵੋਟ ਪਾਉਣਗੇ, ਜਿੰਨ੍ਹਾਂ ਵਿਚ 3 ਲੱਖ 13 ਹਜ਼ਾਰ 941 ਮਰਦ ਵੋਟਰ, 2 ਲੱਖ 79 ਹਜ਼ਾਰ 556 ਮਹਿਲਾ ਵੋਟਰ ਜਦਕਿ 12 ਤੀਜਾ ਦਰਜਾ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 3340 ਸਰਵਿਸ ਵੋਟਰ, 5875 ਦਿਵਿਆਂਗ ਅਤੇ 5041 ਵੋਟਰ 85 ਸਾਲ ਤੋਂ ਵੱਧ ਦੀ ਉਮਰ ਵਾਲੇ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਵੈ ਇੱਛਾ ਨਾਲ ਘਰ ਤੋਂ ਵੋਟ ਪਾਉਣ ਲਈ ਫਾਰਮ ਭਰਨ ਵਾਲੇ ਵੋਟਰਾਂ ਵਿਚੋਂ 136 ਦਿਵਿਆਂਗ ਵੋਟਰਾਂ ਤੋਂ ਇਲਾਵਾ 87 ਵੋਟਰ ਜੋ ਕਿ 85 ਸਾਲ ਤੋਂ ਵਧੇਰੇ ਦੀ ਉਮਰ ਦੇ ਹਨ ਨੇ ਘਰ ਤੋਂ ਵੋਟ ਪਾਈ ਹੈ। ਉਨ੍ਹਾਂ ਮੁੜ ਦੁਹਰਾਇਆ ਕਿ ਹਰੇਕ ਨਾਗਰਿਕ ਨੂੰ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਆਪਣੇ ਵੋਟ ਦਾ ਇਸਤੇਮਾਲ ਲਾਜ਼ਮੀ ਕਰਨਾ ਚਾਹੀਦਾ ਹੈ।

NO COMMENTS