ਮਾਨਸਾ, 27 ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ ) : ਸਥਾਨਕ ਜ਼ਿਲਾ ਬੱਚਤ ਭਵਨ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਗੁਲਾਬੀ ਸੁੰਡੀ ਨਾਲ ਨਰਮੇ ਦੀ ਖਰਾਬ ਹੋਈ ਫਸਲ ਦਾ ਖੇਤ ਮਜ਼ਦੂਰਾਂ ਨੂੰ ਮਿਲਣ ਵਾਲੇ ਮੁਆਵਜ਼ੇ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ। ਸ਼੍ਰੀ ਜਸਪ੍ਰੀਤ ਸਿੰਘ ਨੇ ਸਮੂਹ ਐਸ.ਡੀ.ਐਮਜ਼ ਨੂੰ ਜ਼ਿਲਾ ਮਾਨਸਾ ਦੇ ਯੋਗ ਖੇਤ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਲਈ 10 ਦਿਨਾਂ ਦੇ ਅੰਦਰ ਸੂਚੀ ਤਿਆਰ ਕਰਨ ਦੇ ਆਦੇਸ਼ ਜਾਰੀ ਕੀਤੇ। ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਸਮੂਹ ਐਸ.ਡੀ.ਐਮਜ਼ ਨੂੰ ਪਿੰਡ ਪੱਧਰ ’ਤੇ ਸਬ ਕਮੇਟੀਆ ਬਣਾ ਕੇ ਸਮਾਂਬੱਧ ਅਤੇ ਯੋਗ ਲਾਭਪਾਤਰੀਆਂ ਦੀ ਸ਼ਨਾਖਤ ਕਰਕੇ ਕਾਰਵਾਈ ਅਮਲ ’ਚ ਲਿਆਉਣ ਲਈ ਕਿਹਾ। ਉਨਾਂ ਕਿਹਾ ਕਿ ਖਰਾਬੇ ਦਾ 10 ਫੀਸਦੀ ਮੁਆਵਜ਼ਾ ਖੇਤ ਮਜ਼ਦੂਰਾਂ ਨੂੰ ਸ਼ਨਾਖਤ ਤੋਂ ਬਾਅਦ ਮਿਲਣਯੋਗ ਹੋਵੇਗਾ। ਉਨਾਂ ਕਿਹਾ ਕਿ ਜ਼ਿਲੇ ਦਾ ਕੋਈ ਵੀ ਯੋਗ ਲਾਭਪਾਤਰੀ ਰਾਜ ਸਰਕਾਰ ਵੱਲੋਂ ਮਿਲਣ ਵਾਲੀ ਮੁਆਵਜ਼ੇ ਦੀ ਵਿੱਤੀ ਸਹਾਇਤਾ ਤੋਂ ਵਾਂਝਾ ਨਾ ਰਹੇ। ਇਸ ਤੋਂ ਪਹਿਲਾ ਸ੍ਰੀ ਜਸਪ੍ਰੀਤ ਸਿੰਘ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਅਤੇ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਕਿ ਪੰਚਾਇਤੀ ਜ਼ਮੀਨਾਂ ’ਤੇ ਨਜ਼ਾਇਜ਼ ਕਬਜ਼ਿਆ ਨੂੰ ਹਟਾਉਣ ਲਈ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਉਨਾਂ ਕਿਹਾ ਕਿ ਰਾਜ ਸਰਕਾਰ ਦੀਆਂ ਹਦਾਇਤਾਂ ਤੋਂ ਬਾਹਰ ਹੋ ਕੇ ਕੀਤੀ ਕਿਸੇ ਵੀ ਨਜ਼ਾਇਜ਼ ਉਸਾਰੀ ਨੰੂ ਬਰਦਾਸ਼ਤ ਨਹੀ ਕੀਤਾ ਜਾਵੇਗਾ। ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਜੈ ਅਰੋੜਾ, ਐਸ.ਡੀ.ਐਮ ਸਰਦੂਲਗੜ ਮਨੀਸਾ ਰਾਣਾ, ਐਸ.ਡੀ.ਐਮ. ਮਾਨਸਾ ਹਰਜਿੰਦਰ ਸਿੰਘ ਜੱਸਲ, ਐਸ.ਡੀ.ਐਮ. ਬੁਢਲਾਡਾ ਕਾਲਾ ਰਾਮ ਕਾਂਸਲ, ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਨਵਨੀਤ ਜੋਸੀ, ਖੇਤੀਬਾੜੀ ਅਫ਼ਸਰ ਮਨਜੀਤ ਸਿੰਘ ਸਮੇਤ ਸਮੂਹ ਬੀ.ਡੀ.ਪੀ.ਓਜ਼ ਅਤੇ ਤਹਿਸੀਲਦਾਰ ਹਾਜ਼ਰ ਸਨ।