ਜਥੇਦਾਰ ਨੂੰ ਵੰਗਾਰਦਿਆਂ ਢੱਡਰੀਆਂ ਵਾਲੇ ਦਾ ਵੱਡਾ ਐਲਾਨ

0
180

ਚੰਡੀਗੜ੍ਹ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਣੇ ਕੁਝ ਧਾਰਮਿਕ ਸ਼ਖਸੀਅਤਾਂ ਨੂੰ ਖੁੱਲ੍ਹੀ ਚਰਚਾ ਲਈ ਵੰਗਾਰ ਰਹੇ ਹਨ ਪਰ ਉਨ੍ਹਾਂ ਦੀ ਚੁਣੌਤੀ ਕੋਈ ਵੀ ਸਵੀਕਾਰ ਨਹੀਂ ਕਰ ਰਿਹਾ। ਢੱਡਰੀਆਂ ਵਾਲੇ ਵੱਲੋਂ ਵਾਰ-ਵਾਰ ਸੰਗਤ ਦੀ ਹਾਜ਼ਰੀ ’ਚ ਕੈਮਰੇ ਅੱਗੇ ਲਾਈਵ ਹੋ ਕੇ ਸਿੱਧਾ ਸੰਵਾਦ ਰਚਾਉਣ ਦੀ ਚੁਣੌਤੀ ਦੇਣ ਕਰਕੇ ਸਵਾਲ ਉੱਠ ਰਹੇ ਹਨ ਕਿ ਕੀ ਧਾਰਮਿਕ ਸ਼ਖਸੀਅਤਾਂ ਕੋਲ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਨਹੀਂ?

ਉਧਰ, ਢੱਡਰੀਆਂ ਵਾਲੇ ਨੇ ਸਿੱਧਾ ਸੰਵਾਦ ਰਚਾਉਣ ਦਾ ਸੁਨੇਹਾ ਲਾਉਂਦਿਆਂ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀ ਮੰਗ ’ਤੇ ਜਥੇਦਾਰ ਨੇ ਟਾਲ-ਮਟੋਲ ਕੀਤੀ ਤਾਂ ਉਹ ਸਿੱਧੇ ਉਨ੍ਹਾਂ ਦੇ ਘਰ ਤੱਕ ਦਸਤਕ ਦੇਣ ਤੋਂ ਵੀ ਗੁਰੇਜ ਨਹੀਂ ਕਰਨਗੇ। ਢੱਡਰੀਆਂ ਵਾਲੇ ਨੇ ਸਵਾਲ ਕੀਤਾ ਹੈ ਕਿ ਜਥੇਦਾਰ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਕਿੱਥੋਂ ਨਿਰੰਕਾਰੀ ਹੈ?

ਢੱਡਰੀਆਂ ਵਾਲੇ ਨੇ ਕਿਹਾ, ‘ਅਸੀਂ ਕਿਹੜਾ ਕਿਸੇ ਗੱਲੋਂ ਕਾਣੇ ਜਥੇਦਾਰ ਜੀ, ਅੱਗੇ ਤੁਸੀਂ ਆਪ ਹੀ ਸਿਆਣੇ ਜਥੇਦਾਰ ਜੀ।’ ਢੱਡਰੀਆਂ ਵਾਲੇ ਨੇ ਅਕਾਲ ਤਖਤ ਦੇ ਸਿਸਟਮ ’ਤੇ ਵੀ ਕਈ ਤਰ੍ਹਾਂ ਦੇ ਸਵਾਲ ਤੇ ਸ਼ੰਕੇ ਖੜ੍ਹੇ ਕੀਤੇ ਹਨ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਤੇ ਸਮੁੱਚੇ ਸਿਸਟਮ ਪ੍ਰਤੀ ਬੇਭਰੋਸਗੀ ਦਾ ਪ੍ਰਗਟਵਾ ਕਰਦਿਆਂ ਆਖਿਆ ਕਿ ਇਨ੍ਹਾਂ ਨੇ ਕਹਿ ਦੇਣਾ ਹੈ ਕਿ ਇਹ ਸਿੱਖ ਹੀ ਨਹੀਂ, ਅਜਿਹੇ ’ਚ ਇਹ ‘ਛੇਕ’ ਵੀ ਸਕਦੇ ਹਨ ਪਰ ਉਹ ਹਰ ਚੁਣੌਤੀ ਨੂੰ ਕਬੂਲ ਕਰਨਗੇ ਤੇ ਪਿੱਛੇ ਨਹੀਂ ਹਟਣਗੇ।

ਯਾਦ ਰਹੇ ਢੱਡਰੀਆਂ ਵਾਲੇ ਸੂਰਜ ਪ੍ਰਕਾਸ਼ ਗ੍ਰੰਥ ਨੂੰ ਲੈ ਕੇ ਵੱਖਰੇ ਵਿਚਾਰ ਰੱਖਦੇ ਹਨ। ਵਿਵਾਦਤ ਸਿੱਖ ਪ੍ਰਚਾਰ ਦੇ ਮੁੱਦੇ ’ਤੇ ਅਕਾਲ ਤਖਤ ਸਾਹਿਬ ਵੱਲੋਂ ਪਿਛਲੇ ਸਾਲ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ਨੇ ਢੱਡਰੀਆਂ ਵਾਲੇ ਨਾਲ ਗੱਲ ਕਰਕੇ ਵਿਵਾਦਤ ਮਸਲੇ ਦੇ ਹੱਲ ਦਾ ਕੋਈ ਨਿਤਾਰਾ ਕਰਨਾ ਸੀ ਪਰ ਢੱਡਰੀਆਂ ਵਾਲੇ ਪੰਜ ਮੈਂਬਰੀ ਕਮੇਟੀ ਨਾਲ ਗੱਲ ਕਰਨ ਤੋਂ ਨਾਬਰ ਹਨ।

ਉਨ੍ਹਾਂ ਨੂੰ ਸ਼ਿਕਵਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਨੇ ਉਸ ਨੂੰ ਨਿਰੰਕਾਰੀ ਕਿਹਾ ਹੈ ਤੇ ਹੁਣ ਉਹ ਇਹ ਸਾਬਤ ਕਰਨ। ਇਸ ਮਾਮਲੇ ’ਚ ਉਹ ਜਥੇਦਾਰ ਨਾਲ ਚੈਨਲ ’ਤੇ ਸੰਗਤ ਦੀ ਹਾਜ਼ਰੀ ’ਚ ਸਿੱਧਾ ਸੰਵਾਦ ਰਚਾਉਣ ਲਈ ਤਿਆਰ ਹੈ, ਜੇ ਜਥੇਦਾਰ ਨੇ ਝਿਜਕ ਦਿਖਾਈ ਤਾਂ ਉਹ ਉਸ ਦੇ ਘਰ ਤੱਕ ਦਸਤਕ ਦੇਣ ਤੋਂ ਗੁਰੇਜ ਨਹੀ ਕਰੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਉਹ ਬੰਦ ਕਮਰਾ ਬੈਠਕ ’ਚ ਇਹ ਕਹਿ ਦੇਣਗੇ ਢੱਡਰੀਆਂ ਵਾਲੇ ਨੇ ਮੁਆਫ਼ੀ ਮੰਗ ਲਈ ਹੈ, ਜਿਸ ਨਾਲ ਉਸ ਦਾ ਲੱਕ ਟੁੱਟ ਜਾਵੇਗਾ। ਇਸ ਵਾਸਤੇ ਹੀ ਉਹ ਖੁੱਲ੍ਹੇ ਸੰਵਾਦ ’ਤੇ ਅੜੇ ਹੋਏ ਹਨ। ਉਨ੍ਹਾਂ ਜਥੇਦਾਰ ’ਤੇ ਇਹ ਵੀ ਗਿਲਾ ਕੀਤਾ ਕਿ ਸਿਰਸੇ ਵਾਲੇ ਨੂੰ ਮੁਆਫ਼ੀ ਦੇਣ ਵੇਲੇ ਤਾਂ ਕੋਈ ਕਮੇਟੀ ਗਠਿਤ ਨਹੀਂ ਕੀਤੀ, ਜਦੋਂ ਉਸ ਨੇ ਸੰਗਤ ਨੂੰ ਸੱਚ ਦੀ ਕਸਵੱਟੀ ’ਤੇ ਖਰੇ ਉਤਰਦੇ ਗਿਆਨ ਦੇ ਸਹਾਰੇ ਸਿੱਖੀ ਨਾਲ ਜੋੜਨ ਦੀ ਗੱਲ ਕੀਤੀ ਹੈ ਤਾਂ ਉਸ ’ਤੇ ਸ਼ਿਕੰਜੇ ਕੱਸੇ ਜਾਣ ਲੱਗੇ ਹਨ।

NO COMMENTS