ਸ੍ਰੀ ਮੁਕਤਸਰ ਸਾਹਿਬ 06,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਇੱਥੋਂ ਦੇ ਪਿੰਡ ਦੋਦਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਮਾਗਮ ਕੀਤਾ ਗਿਆ। ਇਸ ਦੌਰਾਨ ਜਥੇਬੰਦੀ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਪਹੁੰਚੇ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਦਰਸਾਉਂਦਾ ਕਿ ਹੁਣ ਸਰਕਾਰ ਇਕੱਠ ਤੋਂ ਡਰਨ ਲੱਗੀ ਹੈ।
ਖੇਤੀਬਾੜੀ ਮੰਤਰੀ ਤੋਮਰ ਦਾ ਬਿਆਨ ਹੈ ਕਿ ਇਕੱਠ ਨਾਲ ਕਾਨੂੰਨ ਵਾਪਸ ਨੀ ਹੋਣੇ ਡਰ ’ਚੋਂ ਹੀ ਪੈਦਾ ਹੋਇਆ ਬਿਆਨ ਹੈ। ਡੱਲੇਵਾਲ ਨੇ ਕਿਹਾ ਕਿ ਸਾਡੀ ਲੜਾਈ ਨੀਤੀਆਂ ਦੇ ਵਿਰੁੱਧ ਹੈ ਅਤੇ ਇਸੇ ਲਈ ਸੰਘਰਸ਼ ਲੰਮਾ ਚਲ ਰਿਹਾ ਹੈ। ਸੰਘਰਸ਼ ਭਾਵੇਂ ਲੰਮਾ ਚੱਲੇਗਾ ਪਰ ਸਰਕਾਰ ਨੂੰ ਕਾਨੂੰਨ ਰੱਦ ਕਰਨੇ ਹੀ ਪੈਣੇ ਹਨ। ਲੱਖਾ ਸਿਧਾਣਾ ਦੇ ਮਾਮਲੇ ’ਚ ਡੱਲੇਵਾਲ ਨੇ ਕਿਹਾ ਕਿ ਲੱਖਾ ਸਾਡਾ ਬੱਚਾ ਹੈ। ਮਹਿਰਾਜ ਵਿਚ ਜੋ ਵੀ ਪ੍ਰੋਗਰਾਮ ਹੋਇਆ ਉਸ ਵਿਚ ਕਿਸਾਨ ਜਥੇਬੰਦੀਆਂ ਵਿਰੁੱਧ ਕੋਈ ਗੱਲ ਨਹੀਂ ਹੋਈ।
ਦੀਪ ਸਿੱਧੂ ਦੇ ਮਾਮਲੇ ‘ਤੇ ਉਹ ਬੋਲੇ ਕਿ ਸ਼ੁਰੂ ਤੋਂ ਹੀ ਕਿਸਾਨ ਜਥੇਬੰਦੀਆਂ ਵੱਲੋ ਵਿੱਢੇ ਸੰਘਰਸ਼ ਦਾ ਹਿੱਸਾ ਨਹੀਂ ਸੀ। ਡੱਲੇਵਾਲ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣਾ ਅਤੇ ਉਹ ਕਰਵਾ ਕੇ ਰਹਾਂਗੇ। ਪੰਜ ਰਾਜਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਇਨ੍ਹਾਂ ਰਾਜਾਂ ਵਿਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਵਿਵਹਾਰ ਸਬੰਧੀ ਲੋਕਾਂ ਨੂੰ ਜਾਗਰੂਕ ਕਰਵਾਇਆ ਕਰਨਗੀਆਂ।