ਛੇ ਆਈ.ਏ.ਐਸ. ਅਧਿਕਾਰੀਆਂ ਵੱਲੋਂ ਸੂਬਾ ਭਰ ’ਚ ਵੱਖ-ਵੱਖ ਮੰਡੀਆਂ ਦਾ ਦੌਰਾ, 30 ਅਪ੍ਰੈਲ ਨੂੰ ਸੌਂਪਣਗੇ ਰਿਪੋਰਟ

0
34

ਚੰਡੀਗੜ, 29 ਅਪ੍ਰੈਲ  (ਸਾਰਾ ਯਹਾ, ਬਲਜੀਤ ਸ਼ਰਮਾ) ਕਣਕ ਦੀ ਖਰੀਦ ਦੇ ਪ੍ਰਬੰਧਾਂ ਬਾਰੇ ਕਿਸਾਨਾਂ ਅਤੇ ਆੜਤੀਆਂ ਕੋਲ ਪਹੁੰਚ ਕਰਕੇ ਫੀਡਬੈਕ ਲੈਣ ਲਈ ਛੇ ਆਈ.ਏ.ਐਸ. ਅਧਿਕਾਰੀਆਂ ਨੇ ਸੂਬੇ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕਰਕੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ ਤਾਂ ਕਿ ਫਸਲ ਦੀ ਖਰੀਦ ਅਤੇ ਲਿਫਟਿੰਗ ਦੇ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਸਕੇ।
ਇਹ ਪ੍ਰਗਟਾਵਾ ਕਰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨਾਂ ਅਧਿਕਾਰੀਆਂ ਨੂੰ ਭਲਕ (ਵੀਰਵਾਰ) ਤੱਕ ਆਪਣੀ ਰਿਪੋਰਟ ਸੌਂਪਣ ਲਈ ਆਖਿਆ ਗਿਆ ਹੈ। ਇਨਾਂ ਦੀ ਫੀਡਬੈਕ ਦੇ ਆਧਾਰ ’ਤੇ ਇਕ ਵਿਸਥਾਰਤ ਰਿਪੋਰਟ ਸੂਬਾ ਸਰਕਾਰ ਨੂੰ ਸੌਂਪੀ ਜਾਵੇਗੀ ਤਾਂ ਕਿ ਕਣਕ ਦੀ ਖਰੀਦ ਦੇ ਚੱਲ ਰਹੇ ਕਾਰਜਾਂ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕੀਤਾ ਜਾ ਸਕੇ।
ਇਹ ਜ਼ਿਕਰਯੋਗ ਹੈ ਕਿ ਇਨਾਂ ਅਧਿਕਾਰੀਆਂ ਨੂੰ 28-29 ਅਪ੍ਰੈਲ ਨੂੰ ਵੱਖ-ਵੱਖ ਜ਼ਿਲਿਆਂ ਦੀਆਂ ਮੰਡੀਆਂ ਦਾ ਦੌਰਾ ਕਰਕੇ ਕਰਫਿੳੂ ਪਾਸ ਪ੍ਰਣਾਲੀ ਦੇ ਅਮਲੀਕਰਨ, ਮੰਡੀਆਂ ਵਿੱਚ ਪਿੰਡ ਵਾਰ ਕਣਕ ਦੇ ਪਹੰੁਚਣ, ਕਣਕ ਦੀ ਗੁਣਵੱਤਾ ਦਾ ਨਿਰੀਖਣ ਕਰਨ ਅਤੇ ਕੋਵਿਡ-19 ਦੇ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ।
ਇਸੇ ਦੌਰਾਨ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਜਿਨਾਂ ਨੇ 28 ਅਪ੍ਰੈਲ ਨੂੰ ਪਟਿਆਲਾ ਜ਼ਿਲੇ ਵਿੱਚ ਵੱਖ-ਵੱਖ ਮੰਡੀਆਂ ਦਾ ਦੌਰਾ ਕਰਕੇ ਖਰੀਦ ਕਾਰਜਾਂ ਤੋਂ ਇਲਾਵਾ ਸਮਾਜਿਕ ਦੂਰੀ ਸਮੇਤ ਸਿਹਤ ਪ੍ਰੋਟੋਕੋਲ ਦੀ ਪਾਲਣਾ ਸਬੰਧੀ ਜਾਇਜ਼ਾ ਲਿਆ ਸੀ, ਨੇ ਦੱਸਿਆ ਕਿ ਕੋਵਿਡ-19 ਕਾਰਨ ਮੰਡੀਆਂ ਵਿੱਚ ਕਣਕ ਦੀ ਪੜਾਅਵਾਰ ਪਹੁੰਚ ਦੇ ਬਾਵਜੂਦ ਖਰੀਦ ਕਾਰਜਾਂ ਦੀ ਸਥਿਤੀ ਤਸੱਲੀਬਖਸ਼ ਹੈ।
ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ 69.15 ਲੱਖ ਮੀਟਰਕ ਟਨ ਕਣਕ ਪਹੁੰਚੀ ਹੈ ਜਿਸ ਵਿੱਚੋਂ 67.15 ਲੱਖ ਟਨ ਖਰੀਦੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਮੰਡੀ ਬੋਰਡ ਨੇ ਮਨੋਨੀਤ 4100 ਖਰੀਦ ਕੇਂਦਰਾਂ ਲਈ ਕਿਸਾਨਾਂ ਨੂੰ ਆੜਤੀਆਂ ਰਾਹੀਂ ਹੁਣ ਤੱਕ 9.20 ਲੱਖ ਪਾਸ ਜਾਰੀ ਕੀਤੇ ਹਨ ਤਾਂ ਕਿ ਮੰਡੀਆਂ ਵਿੱਚ ਭੀੜ-ਭੱੜਕਾ ਨਾ ਹੋਵੇ। ਇਸ ਤੋਂ ਇਲਾਵਾ ਸਾਰੀਆਂ ਧਿਰਾਂ ਦੀ ਸੁਰੱਖਿਆ ਲਈ ਢੁਕਵੀਂ ਮਾਤਰਾ ਵਿੱਚ ਮਾਸਕ ਅਤੇ ਸੈਨੀਟਾਈਜ਼ਰ ਵੀ ਮੁਹੱਈਆ ਕਰਵਾਏ ਗਏ ਹਨ।
ਇਸੇ ਦੌਰਾਨ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਟੇਟ ਵੇਅਰਹਾੳੂਸਿੰਗ ਕਾਰਪੋਰੇਸ਼ਨ ਦੇ ਐਮ.ਡੀ. ਨੀਲਕੰਠ ਐਸ. ਅਵਹਾਦ ਨੇ ਰੋਪੜ ਅਤੇ ਐਸ.ਬੀ.ਐਸ. ਜ਼ਿਲਿਆਂ ਦਾ ਦੌਰਾ ਕਰਕੇ ਕਣਕ ਦੇ ਖਰੀਦ ਕਾਰਜਾਂ ਦਾ ਜਾਇਜ਼ਾ ਲਿਆ ਜਦਕਿ ਮਾਰਕਫੈੱਡ ਦੇ ਐਮ.ਡੀ. ਵਰੁਣ ਰੂਜ਼ਮ (ਅੰਮਿ੍ਰਤਸਰ ਤੇ ਤਰਨਤਾਰਨ), ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਦੇ ਡਾਇਰੈਕਟਰ ਅਨਿੰਦਿਤਾ ਮਿੱਤਰਾ (ਐਸ.ਏ.ਐਸ. ਨਗਰ), ਸਕੱਤਰ ਮੰਡੀ ਬੋਰਡ ਰਵੀ ਭਗਤ (ਪਟਿਆਲਾ, ਐਸ.ਬੀ.ਐਸ. ਨਗਰ, ਕਪੂਰਥਲਾ, ਹੁਸ਼ਿਆਰਪੁਰ ਤੇ ਜਲੰਧਰ), ਐਮ.ਡੀ. ਪਨਸਪ ਰਾਮਬੀਰ (ਜਲੰਧਰ ਤੇ ਕਪੂਰਥਲਾ) ਅਤੇ ਐਮ.ਡੀ. ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਮਨਜੀਤ ਬਰਾੜ (ਗੁਰਦਾਸਪੁਰ ਅਤੇ ਪਠਾਨਕੋਟ) ਦਾ ਦੌਰਾ ਕੀਤਾ।
————–

NO COMMENTS