ਚੰਡੀਗੜ੍ਹ 31,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਡੀਜੀਪੀ ਵੀਕੇ ਭੰਵਰਾ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਚਮਕੌਰ ਸਾਹਿਬ ਇਲਾਕੇ ‘ਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦੀ ਉੱਚ ਪੱਧਰੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਐਕਸ਼ਨ ਟੇਕਨ ਰਿਪੋਰਟ ਵੀ ਰਾਜ ਭਵਨ ਤਲਬ ਕੀਤੀ ਗਈ ਹੈ।
ਆਮ ਆਦਮੀ ਪਾਰਟੀ ਦੇ ਵਫ਼ਦ ਨੇ ਰਾਜਪਾਲ ਨੂੰ ਮਿਲ ਕੇ ਚੰਨੀ ਖਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ ਸੀ। ਰਾਘਵ ਚੱਢਾ ਨੇ ਇਸ ਸਬੰਧੀ ਟਵੀਟ ਕੀਤਾ ਹੈ।
ਮੁੱਖ ਮੰਤਰੀ ਚੰਨੀ ਨੂੰ ਭਗਵੰਤ ਮਾਨ ਦੀ ਚੁਣੌਤੀ, ਜ਼ਮਾਨਤ ਜ਼ਬਤ ਕਰਾ ਕੇ ਭੇਜਾਂਗੇ
ਚਮਕੌਰ ਸਾਹਿਬ ਦੇ ਨਾਲ ਹੀ ਹਲਕਾ ਭਦੌੜ ਤੋਂ ਚੋਣ ਲੜਨ ਜਾ ਰਹੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਚੁਣੌਤੀ ਦਿੱਤੀ ਹੈ। ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਸੀਐਮ ਚੰਨੀ ਦੀ ਭਦੌੜ ਤੋਂ ਜ਼ਮਾਨਤ ਜ਼ਬਤ ਕਰਾ ਕੇ ਭੇਜਿਆ ਜਾਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਈਡੀ ਮਾਮਲੇ ‘ਚ ਚੰਨੀ ਦੀ ਜ਼ਮਾਨਤ ਹੋ ਸਕਦੀ ਹੈ ਪਰ ਭਦੌੜ ਤੋਂ ਚੰਨੀ ਦੀ ਜ਼ਮਾਨਤ ਜ਼ਰੂਰ ਜ਼ਬਤ ਹੋਵੇਗੀ। ਦੱਸ ਦਈਏ ਕਿ ਵਿਧਾਨ ਸਭਾ ਹਲਕਾ ਭਦੌੜ ਭਗਵੰਤ ਮਾਨ ਦੀ ਸੰਸਦੀ ਸੀਟ ਸੰਗਰੂਰ ਅਧੀਨ ਆਉਂਦਾ ਹੈ। ਇਸ ਲਈ ਇਸ ਇਲਾਕੇ ਵਿੱਚ ਭਗਵੰਤ ਮਾਨ ਦਾ ਜ਼ੋਰ ਹੈ।