*ਚੰਨੀ ਕੈਬਨਿਟ ਦੀ ਅਹਿਮ ਬੈਠਕ, ਲਖੀਮਪੁਰ ਖੀਰੀ ਦੇ ਮ੍ਰਿਤਕ ਕਿਸਾਨਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ*

0
22

ਚੰਡੀਗੜ੍ਹ (ਸਾਰਾ ਯਹਾਂ): ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਕੈਬਨਿਟ ਦੀ ਅੱਜ ਅਹਿਮ ਬੈਠਕ ਹੋ ਰਹੀ ਹੈ।ਇਸ ਬੈਠਕ ‘ਚ ਪੰਜਾਬ ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਦੋ ਮਿੰਟ ਦੇ ਮੌਨ ਨਾਲ ਸ਼ਰਧਾਂਜਲੀ ਭੇਂਟ ਕੀਤੀ।ਕੈਬਨਿਟ ਮੀਟਿੰਗ ਜਾਰੀ ਹੈ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੇ ਕੈਬਨਿਟ ਮੰਤਰੀਆਂ ਨਾਲ ਰਾਜ ਭਵਨ ਪਹੁੰਚ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਕਿਸਾਨੀ ਨਾਲ ਜੁੜੇ ਅਹਿਮ ਮਸਲਿਆਂ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੈਮੋਰੈਂਡਮ ਸੌਂਪਿਆ। 

ਇਸ ਮੈਮੋਰੈਂਡਮ ਰਾਹੀਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਲਖੀਮਪੁਰ ਖੀਰੀ ‘ਚ ਹਾਲ ਹੀ ‘ਚ ਵਾਪਰੀ ਹਿੰਸਾ ਦੇ ਪੀੜਤ ਪਰਿਵਾਰਾਂ ਲਈ ਇਨਸਾਫ ਨੂੰ ਯਕੀਨੀ ਬਣਾਉਣ ਵਾਸਤੇ ਠੋਸ ਕਦਮ ਚੁੱਕਣ ਲਈ ਉੱਤਰ ਪ੍ਰਦੇਸ਼ ਸਰਕਾਰ ਉਤੇ ਜ਼ੋਰ ਪਾਉਣ ਦੀ ਅਪੀਲ ਕੀਤੀ ਹੈ।

ਮੁੱਖ ਮੰਤਰੀ ਨੇ ਇਸ ਯਾਦ ਪੱਤਰ ਵਿਚ ਤਿੰਨ ਖੇਤੀ ਕਾਨੂੰਨਾਂ ਦੀ ਤੁਰੰਤ ਘੋਖ ਕਰਕੇ ਰੱਦ ਕਰਨ ਦੀ ਲੋੜ ਨੂੰ ਵੀ ਦੁਹਰਾਇਆ ਕਿਉਂ ਜੋ ਇਹ ਕਾਨੂੰਨ ਹੀ ਕਿਸਾਨਾਂ ਦਰਮਿਆਨ ਰੋਸ ਦੀ ਵਜ੍ਹਾ ਬਣੇ ਹੋਏ ਹਨ। CM ਚੰਨੀ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਵਿਚ ਲਖੀਮਪੁਰ ਖੀਰੀ ਵਿਖੇ ਹਾਲ ਵਿਚ ਵਾਪਰੀ ਹਿੰਸਕ ਘਟਨਾ ਬਾਰੇ ਪ੍ਰਧਾਨ ਮੰਤਰੀ ਦਾ ਧਿਆਨ ਦਿਵਾਉਣਾ ਚਾਹੁੰਦੇ ਹਨ ਜਿਸ ਨੇ ਹਰੇਕ ਮਨੁੱਖ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਤੋਂ ਵੀ ਪੀੜਾਦਾਇਕ ਗੱਲ ਇਹ ਹੈ ਕਿ ਇਸ ਮੰਦਭਾਗੀ ਘਟਨਾ ਵਿਚ ਸਾਡੇ ਅੰਨਦਾਤਿਆਂ ਦੀ ਜਾਨ ਚਲੀ ਗਈ ਜੋ ਖੇਤੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ।

ਪ੍ਰਧਾਨ ਮੰਤਰੀ ਦੇ ਨਿੱਜੀ ਦਖ਼ਲ ਦੀ ਮੰਗ ਕਰਦਿਆਂ ਚੰਨੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਘਿਨਾਉਣੇ ਕਾਰੇ ਦੇ ਪਰਦੇ ਪਿਛਲੇ ਚਿਹਰੇ ਬੇਨਕਾਬ ਹੋਣੇ ਚਾਹੀਦੇ ਹਨ, ਭਾਵੇਂ ਉਹ ਕਿੰਨਾ ਵੀ ਅਰਸ-ਰਸੂਖ ਜਾਂ ਪਹੁੰਚ ਰੱਖਂਣ ਵਾਲਾ ਕਿਉਂ ਨਾ ਹੋਵੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਦੁਖਦਾਇਕ ਘਟਨਾ ਵਿਚ ਜਾਨਾਂ ਗੁਆ ਚੁੱਕੇ ਭੋਲੇ-ਭਾਲੇ ਕਿਸਾਨਾਂ ਲਈ ਇਨਸਾਫ ਛੇਤੀ ਦਿਵਾਉਣਾ ਯਕੀਨੀ ਬਣਾਇਆ ਜਾਵੇ।

ਮੈਮੋਰੈਂਡਮ ਵਿਚ ਕਿਹਾ, “ਇਸ ਤੋਂ ਇਲਾਵਾ ਆਮ ਲੋਕ ਅਤੇ ਕਿਸਾਨ ਮੌਜੂਦਾ ਵਿਵਸਥਾ ਤੋਂ ਬੇਗਾਨਗੀ ਮਹਿਸੂਸ ਕਰ ਰਹੇ ਹਨ ਜਿਸ ਨਾਲ ਜਮਹੂਰੀ ਕਦਰਾਂ-ਕੀਮਤਾਂ ਹੌਲੀ-ਹੌਲੀ ਖੇਰੂੰ-ਖੇਰੂੰ ਹੋਈਆਂ ਹਨ। ਇਹ ਸਹੀ ਮੌਕਾ ਹੈ ਕਿ ਲੋਕਤੰਤਰਿਕ ਵਿਵਸਥਾ ਵਿਚ ਲੋਕਾਂ ਦਾ ਭਰੋਸਾ ਤੇ ਵਿਸ਼ਵਾਸ ਬਹਾਲ ਕੀਤਾ ਜਾਵੇ ਜਿਸ ਲਈ ਲੋਕਾਂ ਨੂੰ ਵਿਚਾਰ ਪ੍ਰਗਟਾਉਣ ਦੇ ਮੌਲਿਕ ਹੱਕ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਲੋਕ ਆਜ਼ਾਦਾਨਾ ਢੰਗ ਨਾਲ ਆਪਣੀਆਂ ਭਾਵਨਾਵਾਂ ਜ਼ਾਹਰ ਕਰ ਸਕਣ। ਇਸ ਵੇਲੇ ਲੋਕ ਨਿਰਭੈ ਹੋ ਕੇ ਆਪਣੀਆਂ ਦੁੱਖ-ਮੁਸੀਬਤਾਂ ਜ਼ਾਹਰ ਕਰਨ ਲਈ ਘੁਟਨ ਮਹਿਸੂਸ ਕਰ ਰਹੇ ਹਨ।”

ਇਸ ਮੌਕੇ ਮੁੱਖ ਮੰਤਰੀ ਦੇ ਨਾਲ ਉਪ ਮੁੱਖ ਮੰਤਰੀ ਓ.ਪੀ.ਸੋਨੀ., ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਵਿਜੈ ਇੰਦਰ ਸਿੰਗਲਾ, ਰਣਦੀਪ ਸਿੰਘ ਨਾਭਾ, ਡਾ. ਰਾਜਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਪਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਕੀਰਤ ਸਿੰਘ ਕੋਟਲੀ ਵੀ ਸ਼ਾਮਿਲ ਸਨ।

NO COMMENTS