ਮਾਨਸਾ 8 ਫਰਵਰੀ (ਸਾਰਾ ਯਹਾਂ/ ਬੀਰਬਲ ਧਾਲੀਵਾਲ) —- ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੋਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਪਾਣੀਆਂ ਦਾ ਚੋਰ ਹੈ ਅਤੇ ਚਰਨਜੀਤ ਸਿੰਘ ਚੰਨੀ ਰੇਤ ਅਤੇ ਗਰੀਬਾਂ ਦੇ ਵਜੀਫੇ ਖਾਣ ਵਾਲਾ ਚੋਰ ਹੈ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਦੀਆਂ ਗੱਲਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ। ਹਰਸਿਮਰਤ ਕੌਰ ਬਾਦਲ ਮੰਗਲਵਾਰ ਨੂੰ ਮਾਨਸਾ ਤੋਂ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਪ੍ਰੇਮ ਅਰੋੜਾ ਦੇ ਹੱਕ ਵਿੱਚ ਮਾਨਸਾ ਅਤੇ ਫਫੜੇ ਭਾਈਕੇ ਵਿਖੇ ਵੱਡੀਆਂ ਜਨ ਸਭਾਵਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਾਣਜਾ ਈ.ਡੀ ਅੱਗੇ ਸਵਿਕਾਰ ਕਰ ਚੁੱਕਿਆ ਹੈ ਕਿ ਜੋ ਪੈਸਾ ਫੜਿਆ ਗਿਆ ਹੈ, ਉਹ ਰੇਤ ਮਾਫੀਆ ਅਤੇ ਪੰਜਾਬ ਦੀ ਰੇਤ ਨੂੰ ਵੇਚ ਕੇ ਕਮਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਅਫਸਰਾਂ ਦੀਆਂ ਬਦਲੀਆਂ ਵਿੱਚ ਵੀ ਪੈਸੇ ਲਏ ਗਏ ਹਨ। ਹਰਸਿਮਰਤ ਨੇ ਕਿਹਾ ਕਿ ਮੁੱਖ ਮੰਤਰੀ ਦੇ ਭਾਣਜੇ ਕੋਲ ਕੋਈ ਅਜਿਹੀ ਪਾਵਰ ਨਹੀਂ ਜੋ ਉਹ ਪੈਸਾ ਇੱਕਠਾ ਕਰ ਸਕੇ ਅਤੇ ਕਿਸੇ ਦੀਆਂ ਬਦਲੀਆਂ ਕਰਵਾ ਸਕੇ। ਇਸ ਪਿੱਛੇ ਮੁੱਖ ਮੰਤਰੀ ਚੰਨੀ ਦਾ ਹੱਥ ਹੈ। ਬੇਸ਼ੱਕ ਇਸ ਤੋਂ ਚੰਨੀ ਕਿੰਨਾਂ ਵੀ ਪਾਸਾ ਵੱਟੇ। ਪਰ ਹਕੀਕਤ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਵੀ ਆੜੇ ਹੱਥੀ ਲੈਂਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਪਾਣੀਆਂ ਦਾ ਚੋਰ ਹੈ। ਜਿਸ ਨੇ ਅਦਾਲਤ ਵਿਖੇ ਹਲਫਨਾਮਾ ਦਿੱਤਾ ਕਿ ਪੰਜਾਬ ਨੂੰ ਪਾਣੀ ਨਾ ਦਿੱਤਾ ਜਾਵੇ। ਹਰਸਿਮਰਤ ਨੇ ਕਿਹਾ ਕਿ ਚੰਨੀ ਅਤੇ ਕੇਜਰੀਵਾਲ ਦੋਵੇਂ ਪੰਜਾਬ ਦੇ ਚੋਰ ਹਨ। ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਿਛਲੀਆਂ ਚੋਣਾਂ ਸਮੇਂ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਉਹ ਪੰਜਾਬ ਅੰਦਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਿੱਚ ਵੀ ਫੇਲ੍ਹ ਹੋਏ। ਜਿਸ ਤੋਂ ਆਪਣੇ ਐੱਮ.ਪੀ ਅਤੇ ਵਿਧਾਇਕ ਨਹੀਂ ਸੰਭਾਲੇ ਗਏ। ਉਹ ਪੰਜਾਬ ਨੂੰ ਕੀ ਸੰਭਾਲਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕਾਂਗਰਸ ਅਤੇ ਆਪ ਕੋਲ ਕੋਈ ਮੁੱਦਾ ਨਹੀਂ। ਅਕਾਲੀ ਦਲ ਨੂੰ ਬੇਅਦਬੀਆਂ ਦੇ ਨਾਮ ਤੇ ਬਦਨਾਮ ਕੀਤਾ ਗਿਆ। ਕਾਂਗਰਸ ਦੇ ਰਾਜ ਵਿੱਚ ਦਰਬਾਰ ਸਾਹਿਬ ਅਤੇ ਹੋਰ ਥਾਵਾਂ ਤੇ ਕਿੰਨ੍ਹੀਆਂ ਬੇਅਦਬੀਆਂ ਹੋਈਆਂ। ਜਿਸ ਦਾ ਕੋਈ ਵੀ ਇਨਸਾਫ ਨਹੀਂ ਹੋ ਸਕਿਆ। ਉਨ੍ਹਾਂ ਸ਼੍ਰੌਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਕਾਲੀ ਦਲ ਨੂੰ ਪੰਜਾਬ ਦਾ ਮੋਹ ਹੈ। ਦੂਜੀਆਂ ਪਾਰਟੀਆਂ ਨੂੰ ਕੋਈ ਵੀ ਹੇਜ ਨਹੀਂ। ਇਸ ਮੌਕੇ ਅਕਾਲੀ ਉਮੀਦਵਾਰ ਪ੍ਰੇਮ ਅਰੋੜਾ ਨੇ ਕਿਹਾ ਕਿ ਉਹ ਅਕਾਲੀ ਸਰਕਾਰ ਬਣਦੇ ਹੀ ਮਾਨਸਾ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਲੈ ਕੇ ਜਾਣਗੇ। ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਮੇਲ ਫਫੜੇ, ਹਲਕਾ ਮਾਨਸਾ ਤੋਂ ਸ਼੍ਰੌਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ, ਯੂਥ ਅਕਾਲੀ ਦਲ ਜਿਲ੍ਹਾ ਮਾਨਸਾ ਦੇ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਪ੍ਰਧਾਨ ਹਨੀਸ਼ ਕੁਮਾਰ ਹਨੀ, ਪ੍ਰਧਾਨ ਆਤਮਜੀਤ ਸਿੰਘ ਕਾਲਾ, ਜਥੇਦਾਰ ਹਰਭਜਨ ਸਿੰਘ ਖਿਆਲਾ, ਪ੍ਰਧਾਨ ਮਲਕੀਤ ਸਿੰਘ ਭਪਲਾ, ਪ੍ਰਧਾਨ ਜਸਵਿੰਦਰ ਸਿੰਘ ਚਕੇਰੀਆਂ, ਸਮਾਜ ਸੇਵੀ ਮਿੱਠੂ ਰਾਮ ਮੋਫਰ, ਸੁਰਿੰਦਰ ਪਿੰਟਾ, ਸੱਤਪਾਲ ਮੂੰਗਫਲੀਆਂ ਵਾਲਾ, ਬਸਪਾ ਤੋਂ ਭੁਪਿੰਦਰ ਸਿੰਘ, ਬਲਵਿੰਦਰ ਸਿੰਘ ਕਾਕਾ, ਜਗਪ੍ਰੀਤ ਸਿੰਘ ਜੱਗ, ਜਗਿਰਾਜ ਸਿੰਘ ਰਾਜੂ ਦਰਾਕਾ, ਰੇਸ਼ਮ ਸਿੰਘ ਬਣਾਂਵਾਲੀ, ਗੁਰਵਿੰਦਰ ਸਿੰਘ ਤਲਵੰਡੀ ਅਕਲੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਵੀ ਮੌਜੂਦ ਸਨ।