*ਚੰਡੀਗੜ੍ਹ ਮੋਰਚੇ ਦੀਆਂ ਤਿਆਰੀਆਂ ਮੁਕੱਮਲ – ਭਾਕਿਯੂ (ਏਕਤਾ) ਡਕੌਂਦਾ*

0
15

ਬੁਢਲਾਡਾ 16 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਬੁਢਲਾਡਾ ਬਲਾਕ ਪ੍ਰਧਾਨ ਸੱਤਪਾਲ ਸਿੰਘ ਵਰ੍ਹੇ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪਾਤਸ਼ਾਹੀ ਨੌਂਵੀਂ ਵਿਖੇ ਅਤੇ ਮਾਨਸਾ ਅਤੇ ਭੀਖੀ ਬਲਾਕ ਦੀ ਮੀਟਿੰਗ ਡੇਰਾ ਬਾਬਾ ਰਤਨ ਦਾਸ ਨੇੜੇ ਕੈਂਚੀਆਂ ਵਿਖੇ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਉਚੇਚੇ ਤੌਰ ‘ਤੇ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨੀ ਮੰਗਾਂ ਜਿਵੇ ਕਿ ਹੜ੍ਹਾਂ ਦੀ ਮਾਰ ਦਾ ਮੁਆਵਜਾ, ਸਮਾਰਟ ਮੀਟਰ, ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਵਾਉਣ, ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਦੀ ਪੂਰਤੀ, ਮੱਕੀ ਮੂੰਗੀ ਅਤੇ ਸਬਜ਼ੀਆਂ ਉੱਤੇ ਐਮ ਐਸ ਪੀ, ਕਰਜ਼ਾ ਮੁਕਤੀ, ਪਰਾਲੀ ਦੇ ਕੇਸ ਰੱਦ ਕਰਵਾਉਣ, ਫਸਲੀ ਬੀਮਾ ਅਤੇ ਗੰਨੇ ਦੇ ਰੇਟ ਆਦਿ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ 26-27 ਅਤੇ 28 ਨਵੰਬਰ ਦੇ ਚੰਡੀਗੜ੍ਹ ਵਿਖੇ ਲੱਗ ਰਹੇ ਮੋਰਚੇ ਦੀਆਂ ਤਿਆਰੀਆਂ ਸੰਬੰਧੀ ਡਿਊਟੀਆਂ ਲਗਾਈਆਂ ਗਈਆਂ । ਕਿਸਾਨ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਇਸ 72 ਘੰਟਿਆਂ ਦੇ ਮੋਰਚੇ ਨੂੰ ਸਫਲ ਬਣਾਉਣ ਲਈ ਹਰ ਇੱਕ ਪਰਿਵਾਰ ਆਪਣਾ ਬਣਦਾ ਯੋਗਦਾਨ ਪਾਵੇ । ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇਵੇ । ਪਿਛਲਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਿਰਤੀ ਲੋਕ ਸਿਰ ਜੋੜਕੇ ਲੜੇ ਹਨ ਤਾਂ ਜਿੱਤ ਹਮੇਸ਼ਾ ਲੋਕਾਂ ਦੀ ਹੀ ਹੋਈ ਹੈ । ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਵਾਉਣ ਲਈ ਚੱਲ ਰਹੇ ਪਿੰਡ ਕੁਲਰੀਆਂ ਦੇ ਸੰਘਰਸ਼ ਨੂੰ ਜਾਨ ਹੀਲ ਕੇ ਲੜਿਆ ਜਾਵੇਗਾ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਕੁਲਰੀਆਂ ਜਬਰ ਦੇ ਦੋਸ਼ੀਆਂ ਨੂੰ 18 ਨਵੰਬਰ ਤੱਕ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਜਥੇਬੰਦੀ ਅਗਲਾ ਸੰਘਰਸ਼ ਉਲੀਕਣ ਨੂੰ ਮਜ਼ਬੂਰ ਹੋਵੇਗੀ । ਇਸ ਮੌਕੇ ਬਲਵਿੰਦਰ ਸ਼ਰਮਾਂ, ਜਗਦੇਵ ਸਿੰਘ ਕੋਟਲੀ, ਦੇਵੀ ਰਾਮ, ਗੁਰਜੰਟ ਮਘਾਣੀਆਂ, ਬਲਜੀਤ ਸਿੰਘ ਭੈਣੀ ਬਾਘਾ, ਤਾਰਾ ਚੰਦ ਬਰੇਟਾ, ਗੁਰਚਰਨ ਸਿੰਘ ਉੱਲਕ, ਹਰਚੇਤ ਸਿੰਘ ਚਕੇਰੀਆਂ ਆਦਿ ਮੌਜੂਦ ਰਹੇ ।

NO COMMENTS