*ਚੰਡੀਗੜ੍ਹ ‘ਚ ਵਧੇਗਾ 10 ਫ਼ੀਸਦ ਕੁਲੈਕਟਰ ਰੇਟ, ਪਹਿਲਾਂ 2021 ’ਚ ਹੋਈ ਸੀ ਕੁਲੈਕਟਰ ਰੇਟ ’ਚ ਸੋਧ*

0
48

(ਸਾਰਾ ਯਹਾਂ/ਬਿਊਰੋ ਨਿਊਜ਼ ) : ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਦੋ ਸਾਲ ਬਾਅਦ ਕੁਲੈਕਟਰ ਰੇਟ ’ਚ ਸੋਧ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਵਾਰ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਕੁਲੈਕਟਰ ਰੇਟ ’ਚ 10 ਫ਼ੀਸਦ ਵਾਧੇ ਦੀ ਸੰਭਾਵਨਾ ਹੈ, ਜਿਸ ਬਾਰੇ ਮਈ ਦੇ ਪਹਿਲੇ ਹਫ਼ਤੇ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਬੁੱਧਵਾਰ ਨੂੰ ਸ਼ਹਿਰ ਦੇ ਕੁਲੈਕਟਰ ਰੇਟਾਂ ’ਚ ਸੋਧ ਲਈ ਮੀਟਿੰਗ ਹੋਈ।

ਇਸ ਮੀਟਿੰਗ ਵਿੱਚ ਮੌਜੂਦਾ ਕੁਲੈਕਟਰ ਰੇਟਾਂ ਬਾਰੇ ਸਮੀਖਿਆ ਕੀਤੀ ਗਈ। ਇਸ ਤੋਂ ਬਾਅਦ ਕੁਲੇਕਟਰ ਰੇਟ ’ਤ ਸੋਧ ਬਾਰੇ ਡਿਪਟੀ ਕਮਿਸ਼ਨਰ ਨੇ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਰਿਹਾਇਸ਼ੀ ਤੇ ਵਪਾਰਕ ਇਕਾਈਆਂ ਦੇ ਨਾਲੋਂ-ਨਾਲ ਮੰਡੀਆਂ ਤੇ ਪਿੰਡਾਂ ਦੇ ਕੁਲੈਕਟਰ ਰੇਟਾਂ ’ਚ ਵੀ ਸੋਧਾਂ ਬਾਰੇ ਵਿਚਾਰ-ਚਰਚਾ ਕੀਤੀ ਗਈ।

ਦੱਸ ਦਈਏ ਕਿ ਯੂਟੀ ਪ੍ਰਸ਼ਾਸਨ ਨੇ ਸਾਲ 2021 ’ਚ ਕੁਲੈਕਟਰ ਰੇਟ ’ਚ ਸੋਧ ਕੀਤੀ ਸੀ। ਉਸ ਸਮੇਂ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਵਪਾਰਕ ਜਾਇਦਾਦਾਂ ਲਈ 10 ਫ਼ੀਸਦ ਤੇ ਇੰਡਸਟਰੀਅਲ ਪਲਾਟਾਂ ਦੀਆਂ ਦਰਾਂ ’ਚ 5 ਫ਼ੀਸਦ ਦੀ ਕਟੌਤੀ ਕੀਤੀ ਸੀ। ਹਾਲਾਂਕਿ ਖੇਤੀਬਾੜੀ ਵਾਲੀ ਜ਼ਮੀਨ ’ਚ 10 ਫ਼ੀਸਦ ਦਾ ਵਾਅਦਾ ਕੀਤਾ ਸੀ ਤੇ ਰਿਹਾਇਸ਼ੀ ਜਾਇਦਾਦਾਂ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਕੀਤਾ ਸੀ।

ਇਸ ਸਮੇਂ ਸ਼ਹਿਰ ਦੇ ਇੰਡਸਟਰੀਅਲ ਏਰੀਆ ਫੇਜ਼-1 ਤੇ 2 ’ਚ ਕੁਲੈਕਟਰ ਰੇਟ 62,599 ਰੁਪਏ ਪ੍ਰਤੀ ਵਰਗ ਗਜ਼ ਹੈ, ਜਦੋਂਕਿ ਖੇਤੀਬਾੜੀ ਵਾਲੀ ਜ਼ਮੀਨ ਲਈ 1.27 ਕਰੋੜ ਰੁਪਏ ਪ੍ਰਤੀ ਏਕੜ ਹੈ। ਇਸੇ ਤਰ੍ਹਾਂ ਮੱਧ ਮਾਰਗ ਤੇ ਸੈਕਟਰ-34/35 ਰੋਡ, ਸੈਕਟਰ-22 ਤੇ ਸੈਕਟਰ-34 ’ਚ ਸਬ ਸਿਟੀ ਸੈਂਟਰ ’ਚ ਵਪਾਰਕ ਜਾਇਦਾਦਾਂ ਲਈ ਕੀਮਤ 3,75,289 ਰੁਪਏ ਪ੍ਰਤੀ ਵਰਗ ਗਜ਼ ਤੇ ਸੈਕਟਰ-17 ’ਚ 25,404 ਰੁਪਏ ਪ੍ਰਤੀ ਵਰਗ ਗਜ਼ ਹੈ। ਮਨੀਮਾਜਰਾ ਮੋਟਰ ਮਾਰਕੀਟ ’ਚ ਕੀਮਤ 2,77,992 ਰੁਪਏ ਪ੍ਰਤੀ ਵਰਗ ਗਜ਼ ਹੈ।

NO COMMENTS