ਚੰਡੀਗੜ੍ਹ 05,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਦੋ ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਦੇਸ਼ ਨੂੰ ਕੋਰੋਨਾ ਵਾਇਰਸ ਮਹਾਮਾਰੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਦੇਸ਼ ਭਰ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਇੱਕ ਹਜ਼ਾਰ ਤੋਂ ਘੱਟ ਹੋਣ ਤੋਂ ਬਾਅਦ ਸੂਬਾ ਸਰਕਾਰਾਂ ਤੇ ਪ੍ਰਸ਼ਾਸਨ ਵਲੋਂ ਮਹਾਂਮਾਰੀ ‘ਤੇ ਪਾਬੰਦੀਆਂ ਘਟਾਈਆਂ ਜਾ ਰਹੀਆਂ ਹਨ। ਦਿੱਲੀ ਤੇ ਹਰਿਆਣਾ ਦੇ ਰਸਤੇ ‘ਤੇ ਚੱਲਦਿਆਂ ਚੰਡੀਗੜ੍ਹ ਨੇ ਵੀ ਮਾਸਕ ਨਾ ਪਹਿਨਣ ਦੀ ਸਜ਼ਾ ਹਟਾ ਦਿੱਤੀ ਹੈ।
ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਾਗਰਿਕ ਆਪਣੀ ਮਰਜ਼ੀ ਨਾਲ ਮਾਸਕ ਪਾ ਸਕਦੇ ਹਨ। ਇਸ ਤੋਂ ਪਹਿਲਾਂ ਚੰਡੀਗੜ੍ਹ ‘ਚ ਮਾਸਕ ਨਾ ਪਾਉਣ ‘ਤੇ 500 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਸੀ। ਇੱਕ ਅਧਿਕਾਰੀ ਨੇ ਕਿਹਾ, ”ਲੋਕਾਂ ਨੂੰ ਮਾਸਕ ਪਹਿਨਣ ਲਈ ਕਿਹਾ ਜਾ ਰਿਹਾ ਹੈ ਪਰ ਹੁਣ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਜ਼ਰੂਰੀ ਨਹੀਂ।
ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਕੀਤੇ ਜਾਣ ਤੋਂ ਬਾਅਦ ਮਾਸਕ ਨੂੰ ਲੈ ਕੇ ਇੱਕ ਨਿਯਮ ਬਣਾਇਆ ਗਿਆ ਅਤੇ ਇਹ ਨਿਯਮ ਮਾਰਚ 2020 ਵਿੱਚ ਲਾਗੂ ਹੋ ਗਿਆ ਸੀ। ਮਾਸਕ ਬਾਰੇ ਜੁਰਮਾਨੇ ਦਾ ਐਲਾਨ ਸ਼ੁਰੂਆਤੀ ਲੌਕਡਾਊਨ ਤੋਂ ਪਹਿਲਾਂ ਹੀ ਕੀਤਾ ਗਿਆ ਸੀ।
ਚੰਡੀਗੜ੍ਹ ‘ਚ ਕੋਰੋਨਾ ਦਾ ਮਾਮਲਾ
ਹਾਲਾਂਕਿ, ਸਮੇਂ ਦੇ ਨਾਲ ਮਾਸਕ ਨਾਲ ਜੁੜੇ ਨਿਯਮਾਂ ਵਿੱਚ ਵੀ ਰਾਹਤ ਦਿੱਤੀ ਗਈ ਹੈ। ਹਾਲ ਹੀ ਵਿੱਚ, ਬਾਈਕ ਤੇ ਕਾਰ ਚਾਲਕਾਂ ਨੂੰ ਆਪਣੇ ਤੌਰ ‘ਤੇ ਮਾਸਕ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਹਾਲਾਂਕਿ, ਉਸ ਸਮੇਂ ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਜ਼ਰੂਰੀ ਸੀ।
ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੇ ਪਹਿਲਾਂ ਹੀ ਚੰਡੀਗੜ੍ਹ ਨੇੜੇ ਪੈਂਦੇ ਸ਼ਹਿਰ ਮੋਹਾਲੀ, ਪੰਚਕੂਲਾ ਵਿੱਚ ਮਾਸਕ ਸਬੰਧੀ ਜੁਰਮਾਨਾ ਹਟਾ ਦਿੱਤਾ ਹੈ। ਚੰਡੀਗੜ੍ਹ ਵਿੱਚ ਹੁਣ ਸ਼ਾਇਦ ਹੀ ਕੋਈ ਕੋਰੋਨਾ ਵਾਇਰਸ ਦਾ ਕੇਸ ਬਚਿਆ ਹੈ। ਸੋਮਵਾਰ ਨੂੰ ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਦਾ ਸਿਰਫ ਇੱਕ ਮਾਮਲਾ ਸਾਹਮਣੇ ਆਇਆ ਹੈ।