*ਚੰਗੇ ਸਮਾਜ ਦੀ ਉਸਾਰੀ ‘ਚ ਅਧਿਆਪਕਾਂ ਦਾ ਹੁੰਦਾ ਹੈ ਵੱਡਾ ਯੋਗਦਾਨ : ਏ.ਡੀ.ਸੀ.*

0
39

ਫਗਵਾੜਾ, 4 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਅਧਿਆਪਕਾਂ ਦੇ ਸਨਮਾਨ ਵਿੱਚ ਅਧਿਆਪਕ ਦਿਵਸ ਇਸ ਵਾਰ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਆਫ ਐਮੀਨੈਂਸ (ਲੜਕੇ) ਪੁਰਾਣਾ ਡਾਕਘਰ ਰੋਡ ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਮਨਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਏ.ਡੀ.ਸੀ. ਅਨੁਪਮ ਕਲੇਰ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਪਵਨ ਬੀਸਲਾ ਡਿਪਟੀ ਚੀਫ਼ ਇੰਜੀਨੀਅਰ ਪਾਵਰਕਾਮ ਜਲੰਧਰ, ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਐੱਸ.ਸੀ ਵਿੰਗ ਕਪੂਰਥਲਾ ਅਤੇ ਲਾਇਨ ਗੁਰਦੀਪ ਸਿੰਘ ਕੰਗ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਮੋਜੂਦ ਰਹੇ। ਇਸ ਦੌਰਾਨ ਸਭਾ ਵਲੋਂ ਸੱਤ ਹੋਣਹਾਰ ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਦੇ ਨਾਲ ਦੁਸ਼ਾਲੇ ਭੇਂਟ ਕੀਤੇ ਗਏ। ਸਨਮਾਨਤ ਹੋਣ ਵਾਲੇ ਅਧਿਆਪਕਾਂ ਵਿਚ ਮਾਸਟਰ ਅਨੂਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਟਿੱਬੀ, ਤਰੁਣ ਤਲਵਾੜ ਆਰ.ਆਈ.ਈ.ਟੀ, ਇੰਜੀ. ਵਰਿੰਦਰ ਪੱਬੀ ਕੰਪਿਊਟਰ ਐਪਲੀਕੇਸ਼ਨ ਆਰ.ਆਈ.ਈ.ਟੀ, ਕੁਲਦੀਪ ਸਿੰਘ ਬਾਜਵਾ ਲੈਕਚਰਾਰ ਸਕੂਲ ਆਫ ਅਮਿਨੇਂਸ ਲੜਕੇ, ਮੈਡਮ ਰੇਨੂੰ ਅਨੰਦ ਹਿੰਦੀ ਅਧਿਆਪਕ ਸਕੂਲ ਆਫ ਅਮੀਨੇਂਸ ਲੜਕੇ ਮੈਡਮ ਸੰਗੀਤਾ ਸਕੂਲ ਆਫ ਅਮਿਨੈਂਸ ਲੜਕੇ ਅਤੇ ਮੈਡਮ ਤਨੁ ਹੇਅਰ ਐਂਡ ਸਕਿਨ ਕੇਅਰ ਅਧਿਆਪਕਾ ਸ਼ਾਮਲ ਸਨ। ਮੁੱਖ ਮਹਿਮਾਨ ਅਨੁਪਮ ਕਲੇਰ ਏ.ਡੀ.ਸੀ. ਕਮ ਕਮਿਸ਼ਨਰ ਨਗਰ ਨਿਗਮ ਨੇ ਸਮੂਹ ਅਧਿਆਪਕਾਂ ਨੂੰ ਟੀਚਰ ਡੇ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਚੰਗੇ ਸਮਾਜ ਦੀ ਉਸਾਰੀ ਅਧਿਆਪਕਾਂ ਦੀ ਜਿੰਮੇਵਾਰੀ ਹੁੰਦੀ ਹੈ ਜੋ ਵਿਦਿਆਰਥੀ ਜੀਵਨ ਤੋਂ ਹੀ ਬੱਚਿਆਂ ਵਿੱਚ ਆਪਣੇ ਗਿਆਨ ਤੇ ਚੰਗੇ ਸੰਸਕਾਰਾਂ ਦਾ ਸੰਚਾਰ ਕਰਦੇ ਹਨ। ਚੰਗੇ ਸਮਾਜ ਦੀ ਉਸਾਰੀ ਵਿੱਚ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਇੱਕ ਚੰਗਾ ਅਧਿਆਪਕ ਵਿਦਿਆਰਥੀਆਂ ਨੂੰ ਚੰਗੇ ਸੰਸਕਾਰ ਦੇ ਕੇ ਸਭਿਅਕ ਨਾਗਰਿਕ ਬਣਨ ਵਿੱਚ ਮੱਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰ ਸੁਹਿਰਦ ਸਬੰਧ ਹੋਣੇ ਚਾਹੀਦੇ ਹਨ। ਪਵਨ ਬੀਸਲਾ ਨੇ ਅਧਿਆਪਕਾਂ ਪ੍ਰਤੀ ਸਨਮਾਨ ਪ੍ਰਗਟ ਕਰਦਿਆਂ ਕਿਹਾ ਕਿ ਅਧਿਆਪਕ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਕੇ ਨਿਰੋਏ ਸਮਾਜ ਦੀ ਨੀਂਹ ਰੱਖਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਸਤਿਕਾਰ ਕਰਨਾ ਹਰੇਕ ਨਾਗਰਿਕ ਦਾ ਫਰਜ਼ ਹੈ। ਸੰਤੋਸ਼ ਕੁਮਾਰ ਗੋਗੀ ਨੇ ਮਹਾਨ ਸਿੱਖਿਆ ਸ਼ਾਸਤਰੀ ਅਤੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ: ਐੱਸ. ਰਾਧਾ ਕ੍ਰਿਸ਼ਨਨ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜੀਵਨ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਸਤਿਕਾਰ ਅਸਲ ਵਿੱਚ ਲੋਕਾਂ ਦਾ ਆਪਣਾ ਸਤਿਕਾਰ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਨਮਾਨਿਤ ਅਧਿਆਪਕਾਂ ਨਾਲ ਜਾਣ-ਪਛਾਣ ਕਰਵਾਈ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਅਖੀਰ ਵਿਚ ਸਕੂਲ ਪਿ੍ਰੰਸੀਪਲ ਰਣਜੀਤ ਕੁਮਾਰ ਗੋਗਨਾ ਨੇ ਸਮੂਹ ਪਤਵੰਤਿਆਂ ਅਤੇ ਸਭਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਕੂਲ ਦੇ ਲਈ ਖੁਸ਼ੀ ਦੀ ਗੱਲ ਹੈ ਕਿ ਯੋਗ ਸਟਾਫ ਦੇ ਮਾਰਗ ਦਰਸ਼ਨ ਸਦਕਾ ਇਸ ਸਕੂਲ ਦੇ ਇਕ ਹੋਰ ਵਿਦਿਆਰਥੀ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ) ਵਿਚ ਦਾਖਲਾ ਮਿਲਿਆ ਹੈ। ਉਹਨਾਂ ਦੱਸਿਆ ਕਿ ਰਮੇਸ਼ਵਰ ਤਿਵਾੜੀ ਤੇ ਸਰੋਜ ਦੇਵੀ ਦੇ ਹੋਣਹਾਰ ਸਪੁੱਤਰ ਦੀਪੂ ਤਿਵਾੜੀ ਨੇ ਐਨ.ਈ.ਈ.ਟੀ. ਦੀ ਪ੍ਰੀਖਿਆ ਪਾਸ ਕਰਕੇ ਏ.ਆਈ.ਆਈ.ਐਮ.ਐਸ ਝਾਰਖੰਡ ਵਿਚ ਦਾਖਲ ਲਿਆ ਹੈ। ਸਕੂਲ ਦੇ ਹੋਣਹਾਰ ਵਿਦਿਆਰਥੀ ਦੀਪੂ ਤਿਵਾੜੀ ਨੂੰ ਵੀ ਸਨਮਾਨਤ ਕੀਤਾ ਗਿਆ। ਸਟੇਜ ਦੀ ਸੇਵਾ ਲਾਇਨ ਸੁਸ਼ੀਲ ਸ਼ਰਮਾ ਨੇ ਜਾਣੇ-ਪਛਾਣੇ ਅੰਦਾਜ ਵਿਚ ਨਿਭਾਈ।

NO COMMENTS