*ਚੋਣ ਮੈਦਾਨ ‘ਚ ਨਵਜੋਤ ਸਿੱਧੂ ਦੀ ਧੀ ਰਾਬੀਆ ਸਿੱਧੂ, ਘਰ-ਘਰ ਜਾ ਮੰਗ ਰਹੀ ਵੋਟ*

0
57

ਅੰਮ੍ਰਿਤਸਰ 24,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਲਈ ਚੋਣ ਪ੍ਰਚਾਰ ਕਰਨ ਲਈ ਉਨ੍ਹਾਂ ਦਾ ਪੂਰਾ ਪਰਿਵਾਰ ਹਲਕੇ ‘ਚ ਡਟਿਆ ਹੋਇਆ ਹੈ। ਇੱਕ ਪਾਸੇ ਜਿੱਥੇ ਸਿੱਧੂ ਦੀ ਪਤਨੀ ਤੇ ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਡੋਰ-ਟੂ-ਡੋਰ ਚੋਣ ਪ੍ਰਚਾਰ ਕਰ ਰਹੇ ਹਨ ਤਾਂ ਦੂਜੇ ਪਾਸੇ ਨਵਜੋਤ ਸਿੱਧੂ ਦੀ ਬੇਟੀ ਰਾਬੀਆ ਸਿੱਧੂ ਵੀ ਵੱਖ-ਵੱਖ ਵਾਰਡਾਂ ‘ਚ ਘਰ-ਘਰ ਜਾ ਕੇ ਪ੍ਰਚਾਰ ਕਰ ਰਹੇ ਹਨ। ਅੱਜ ਅੰਮ੍ਰਿਤਸਰ ਦੀ 27 ਨੰਬਰ ਵਾਰਡ ‘ਚ ਰਾਬੀਆ ਸਿੱਧੂ ਨੇ ਡੋਰ-ਟੂ-ਡੋਰ ਪ੍ਰਚਾਰ ਕੀਤਾ।

ਇਸ ਮੌਕੇ ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਰਾਬੀਆ ਸਿੱਧੂ ਨੇ ਕਿਹਾ ਕਿ ਅੱਜ-ਕੱਲ੍ਹ ਇਮਾਨਦਾਰ ਲੀਡਰ ਬਹੁਤ ਘੱਟ ਹਨ, ਜਦਕਿ ਮੇਰੇ ਪਿਤਾ ਨੇ ਸਿਆਸਤ ਤੇ ਲੋਕ ਸੇਵਾ ਲਈ ਆਪਣੇ ਕਿੱਤੇ (ਟੀਵੀ, ਕੁਮੈਂਟਰੀ, ਆਈਪੀਐਲ ਤੋਂ ਕਮਾਈ) ਦਾ ਤਿਆਗ ਕੀਤਾ ਤੇ ਪੰਜਾਬ ਦੇ ਲੋਕਾਂ ਦਾ ਭਲਾ ਹੋਵੇ ਤਾਂ ਇਹ ਤਿਆਗ ਜਿਨ੍ਹਾਂ ਵੀ ਹੋਵੇ, ਸਾਨੂੰ ਮਨਜੂਰ ਹੈ।

ਰਾਬੀਆ ਨੇ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਲਈ ਆਉਣਾ ਚਾਹੀਦਾ ਹੈ ਤੇ ਇਮਾਨਦਾਰ ਤੇ ਲੋਕਾਂ ਦਾ ਭਲਾ ਕਰਨ ਵਾਲਿਆਂ ਨੂੰ ਵੋਟ ਪਾਉਣੀ ਚਾਹੀਦੀ ਹੈ। ਰਾਬੀਆ ਨੇ ਕਿਹਾ ਕਿ ਪਿਤਾ ਨੇ ਅੰਮ੍ਰਿਤਸਰ ਲਈ ਬਹੁਤ ਕੁਝ ਤਿਆਗਿਆ ਹੈ ਤੇ ਸਾਡੇ ਪਰਿਵਾਰ ਦੀ ਹਮੇਸ਼ਾ ਹੀ ਪਹਿਲ ਅੰਮ੍ਰਿਤਸਰ ਹੀ ਰਹੇਗੀ।

ਇਸ ਮੌਕੇ ਨਵਜੋਤ ਕੌਰ ਸਿੱਧੂ ਨੇ ਕਿਹਾ ਮੁੱਖ ਮੰਤਰੀ ਦੇ ਅਹੁਦੇ ‘ਤੇ ਉਹ ਵਿਅਕਤੀ ਬੈਠਣਾ ਚਾਹੀਦਾ ਹੈ ਜੋ ਪੰਜਾਬ ਦਾ ਭਲਾ ਚਾਹੁੰਦਾ ਹੋਵੇ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਨਾਲੋਂ ਇਸ ਵਾਰ ਚੋਣ ਥੋੜ੍ਹੀ ਔਖੀ ਹੈ ਪਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੰਨਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਸਾਨੂੰ ਕਦੇ ਵੀ ਇੰਨੀ ਤਾਕਤ ਨਹੀਂ ਮਿਲੀ ਕਿ ਅਸੀਂ ਪੂਰੀ ਸਮਰੱਥਾ ਨਾਲ ਕੰਮ ਕਰ ਸਕੀਏ। ਅਸੀਂ ਕਈ ਮੇਜਰ ਪ੍ਰੋਜੈਕਟ ਅੰਮ੍ਰਿਤਸਰ ਸ਼ਹਿਰ ਲਈ ਲੈ ਕੇ ਆਏ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਨਹੀਂ ਸਾਡੇ ਨਾਲ ਕੀ ਸਮੱਸਿਆ ਸੀ। ਅਸੀਂ ਇੱਕੋ ਮੰਗ ਰੱਖੀ ਸੀ ਕਿ ਕੋਈ ਪੈਸਾ ਨਹੀਂ ਖਾਣ ਦਿੱਤਾ ਜਾਵੇਗਾ।

NO COMMENTS