*ਚੋਣ ਨਤੀਜਿਆਂ ਤੋਂ ਪਹਿਲਾਂ ਬਾਦਲ ਨੇ ਕੀਤਾ ਵੱਡਾ ਦਾਅਵਾ, ਦੱਸਿਆ, ਪੰਜਾਬ ‘ਚ ਕਿਸ ਦੀ ਬਣੇਗੀ ਸਰਕਾਰ*

0
193

Punjab Election 27,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼)  : ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ ਪਰ ਸਾਰੀਆਂ ਸਿਆਸੀ ਧਿਰਾਂ ਦਾਅਵਾ ਕਰ ਰਹੀਆਂ ਹਨ ਕਿ ਇਸ ਵਾਰ ਸਰਕਾਰ ਉਨ੍ਹਾਂ ਦੀ ਹੀ ਬਣੇਗੀ। ਅਜਿਹੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਵੱਡਾ ਦਾਅਵਾ ਕੀਤਾ ਹੈ।

ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਸਰਕਾਰ ਬਣਾਏਗਾ। ਉਨ੍ਹਾਂ ਕਿਹਾ ਕਿ ਜਿਵੇਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਹੱਕ ਵਿੱਚ ਵੋਟਾਂ ਪਾਈਆਂ ਹਨ, ਉਸ ਤੋਂ ਇਹ ਸਾਫ਼ ਹੋ ਗਿਆ ਹੈ ਕਿ ਹੁਣ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਕੋਈ ਰੋਕ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਲਈ ਕੇਵਲ ਸ਼੍ਰੋਮਣੀ ਅਕਾਲੀ ਦਲ ਨੇ ਹੀ ਹਮੇਸ਼ਾ ਲੜਾਈ ਲੜੀ ਹੈ, ਜਦੋਂਕਿ ਕਾਂਗਰਸ ਸਣੇ ਹੋਰ ਸਿਆਸੀ ਧਿਰਾਂ ਨੇ ਸੂਬੇ ਵਿੱਚ ਆਪਣੀ ਚੌਧਰ ਕਾਇਮ ਕਰਨ ਲਈ ਹੀ ਰੋਟੀਆਂ ਸੇਕੀਆਂ ਹਨ।

ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਰਾਜ ਵਿੱਚ ਲੱਗੇ ਹੋਏ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਹੱਕ ਵਿੱਚ ਹਨ ਤੇ ਵਾਰ-ਵਾਰ ਇਹ ਆਖ ਰਹੇ ਹਨ ਕਿ ਪੰਜਾਬ ਦੇ ਤਾਪ ਘਰਾਂ ਤੇ ਕਣਕ ਦੇ ਨਾੜ ਸਣੇ ਝੋਨੇ ਦੀ ਪਰਾਲੀ ਨੇ ਦਿੱਲੀ ਵਿੱਚ ਧੂੰਆਂ ਕਰਕੇ ਪ੍ਰਦੂਸ਼ਣ ਫੈਲਾਅ ਰੱਖਿਆ ਹੈ।

ਉਧਰ, ਪੰਜਾਬ ਚੋਣਾਂ ਨੂੰ ਲੈ ਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਨੇ ਹੰਗ ਅਸੈਂਬਲੀ ਦਾ ਮੁਲਾਂਕਣ ਕੀਤਾ ਹੈ। ਨੱਢਾ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਇੱਕ ਪਾਰਟੀ ਨੂੰ ਬਹੁਮਤ ਮਿਲਣ ਦੀ ਸੰਭਾਵਨਾ ਨਹੀਂ। ਚੋਣਾਂ ਤੋਂ ਬਾਅਦ ਕਿਸੇ ਪਾਰਟੀ ਨਾਲ ਗਠਜੋੜ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਇਸ ਬਾਰੇ 10 ਮਾਰਚ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਸੋਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਪਾਰਟੀ ਦਾ ਆਧਾਰ ਵਧਾਉਣਾ ਚਾਹੁੰਦੀ ਹੈ। ਉਹ ਖੁਸ਼ ਹੈ ਕਿ ਇਸ ਵਾਰ ਉਹ ਜ਼ਿਆਦਾ ਸੀਟਾਂ ‘ਤੇ ਚੋਣ ਲੜੇਗਾ।

NO COMMENTS