*ਚੋਣਾਂ ਤੋਂ ਪਹਿਲਾਂ ਕਿਸਾਨਾਂ ਦੀ ਹਮਾਇਤ ਲੈਣ ਲਈ ਬੀਜੇਪੀ ਨੇ ਬਣਾਈ ਵੱਡੀ ਯੋਜਨਾ*

0
98

ਲਖਨਊ 30 ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ ): ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੀ ਕੇਂਦਰੀ ਤੇ ਸੂਬਾਈ ਲੀਡਰਸ਼ਿਪ ਕਿਸਾਨਾਂ ਦੇ ਮੁੱਦੇ ‘ਤੇ ਗੰਭੀਰ ਹੋ ਗਈ ਹੈ। ਦਿੱਲੀ ਵਿੱਚ ਸੰਸਦ ਮੈਂਬਰਾਂ ਨਾਲ ਇੱਕ ਮੁਲਾਕਾਤ ਵਿੱਚ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਤੇ ਜੇਪੀ ਨੱਡਾ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਲਈ ਕਿਸਾਨਾਂ ਦਾ ਮੁੱਦਾ ਮਹੱਤਵਪੂਰਨ ਹੈ ਤੇ ਪਾਰਟੀ ਚੋਣਾਂ ਵਿੱਚ ਵੀ ਕਿਸਾਨਾਂ ਦੇ ਮੁੱਦੇ ਬਾਰੇ ਖੁੱਲ੍ਹ ਕੇ ਗੱਲ ਕਰੇਗੀ।

ਭਾਜਪਾ ਨੇ ਕਿਸਾਨਾਂ ਦੀ ਹਮਾਇਤ ਹਾਸਲ ਕਰਨ ਲਈ ਵੱਡੀ ਯੋਜਨਾ ਬਣਾਈ ਹੈ। ਕਿਸਾਨਾਂ ਦੀ ਗੱਲ ਕਰਨਾ ਪਾਰਟੀ ਦੀ ਮੁਹਿੰਮ ਵਿੱਚ ਅਹਿਮ ਮੁੱਦਾ ਹੋਵੇਗਾ। ਭਾਜਪਾ ਨੇ ਇੱਕ ਕਿਤਾਬਚਾ ਤਿਆਰ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਭਾਜਪਾ ਦੀਆਂ ਦੋਵੇਂ ਸਰਕਾਰਾਂ ਨੇ ਹੋਰਨਾਂ ਰਾਜਨੀਤਕ ਪਾਰਟੀਆਂ ਦੇ ਮੁਕਾਬਲੇ ਕਿਸਾਨਾਂ ਲਈ ਜ਼ਿਆਦਾ ਕੰਮ ਕੀਤਾ ਹੈ।

ਕਿਤਾਬਚੇ ਵਿੱਚ ਲਿਖਿਆ ਗਿਆ ਹੈ ਕਿ 2017 ਤੋਂ ਯੂਪੀ ਦੇ 78 ਲੱਖ ਤੋਂ ਵੱਧ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ (MSP ਐਮਐਸਪੀ) ‘ਤੇ ਉਤਪਾਦ ਖਰੀਦਣ ਕਾਰਨ 78 ਹਜ਼ਾਰ ਕਰੋੜ ਰੁਪਏ ਪ੍ਰਾਪਤ ਹੋਏ ਹਨ। ਗੰਨੇ ਦੀ ਕਾਸ਼ਤ ਕਰਨ ਵਾਲੇ 45 ਲੱਖ ਕਿਸਾਨਾਂ ਨੂੰ ਸਾਢੇ ਚਾਰ ਸਾਲਾਂ ਦੇ ਬਕਾਏ 1.4 ਲੱਖ ਕਰੋੜ ਰੁਪਏ ਮਿਲੇ ਹਨ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਅਧੀਨ ਰਾਜ ਦੇ 2.5 ਕਰੋੜ ਕਿਸਾਨਾਂ ਨੂੰ ਉਨ੍ਹਾਂ ਦੇ ਖਾਤੇ ਵਿੱਚ 32 ਹਜ਼ਾਰ 500 ਕਰੋੜ ਰੁਪਏ ਮਿਲ ਚੁੱਕੇ ਹਨ ਤੇ ਕੁਦਰਤੀ ਆਫ਼ਤਾਂ ਦੌਰਾਨ ਉੱਤਰ ਪ੍ਰਦੇਸ਼ ਵਿੱਚ 25 ਲੱਖ ਤੋਂ ਵੱਧ ਕਿਸਾਨਾਂ ਨੂੰ ਫਸਲ ਬੀਮਾ ਯੋਜਨਾ ਤਹਿਤ 2208 ਕਰੋੜ ਰੁਪਏ ਦਿੱਤੇ ਗਏ ਹਨ।

ਭਾਜਪਾ ਨੇ ਕਿਸਾਨ ਕਰਜ਼ਾ ਮੁਆਫੀ ਅਧੀਨ 36,000 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਕੇ ਚੋਣਾਂ ਤੋਂ ਪਹਿਲਾਂ ਦਾ ਵਾਅਦਾ ਪੂਰਾ ਕੀਤਾ ਹੈ। ਇਸ ਨਾਲ ਰਾਜ ਦੇ 85 ਲੱਖ ਕਿਸਾਨਾਂ ਨੂੰ ਲਾਭ ਹੋਇਆ ਹੈ। ਕਿਤਾਬਚੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ 2017 ਤੋਂ ਯੂ ਪੀ ਵਿੱਚ ਸਿੰਜਾਈ ਖੇਤਰ ਵਿੱਚ 3.77 ਲੱਖ ਹੈਕਟੇਅਰ ਦਾ ਵਾਧਾ ਹੋਇਆ ਹੈ। ਇਸ ਕਿਤਾਬ ਰਾਹੀਂ ਭਾਜਪਾ ਚੋਣਾਂ ਤੋਂ ਪਹਿਲਾਂ ਕਾਰਕੁਨਾਂ ਦੁਆਰਾ ਸਾਰੇ ਪੇਂਡੂ ਖੇਤਰਾਂ ਵਿੱਚ ਪਹੁੰਚੇਗੀ ਤੇ ਕਿਸਾਨ ਪਰਿਵਾਰਾਂ ਨੂੰ ਸਮਝਾਏਗੀ।

ਇਹ ਕਿਤਾਬਚਾ ਇਹ ਵੀ ਦੱਸਦਾ ਹੈ ਕਿ ਹੋਰ ਪਾਰਟੀਆਂ ਨੇ ਕਿਸਾਨਾਂ ਲਈ ਕੀ ਕੀਤਾ ਹੈ ਅਤੇ ਭਾਜਪਾ ਨੇ ਕੀ ਕੀਤਾ ਹੈ। ਇੰਝ ਭਾਜਪਾ ਆਗੂ ਕਿਸਾਨਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਨੂੰ ਭਾਜਪਾ ਦੇ ਨਾਲ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਪਾਰਟੀ ਨੇ ਉਨ੍ਹਾਂ ਦੇ ਵਿਕਾਸ ਲਈ ਕੰਮ ਕੀਤਾ ਹੈ।

NO COMMENTS