*ਚੋਣਾਂ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੀ ਵੱਡੀ ਕਾਰਵਾਈ, 800 ਕਰੋੜੀ ਘੁਟਾਲੇ ਤੇ ਟੈਕਸ ਚੋਰੀ ਦੇ ਪਰਦਾਫਾਸ਼ ਦਾ ਦਾਅਵਾ*

0
90

22,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਉੱਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਦੇ ਨੇਤਾਵਾਂ ਤੇ ਉਨ੍ਹਾਂ ਦੇ ਸਾਥੀਆਂ ‘ਤੇ ਇਨਕਮ ਟੈਕਸ ਦੇ ਛਾਪਿਆਂ ਦੌਰਾਨ ਹੁਣ ਤੱਕ 800 ਕਰੋੜ ਰੁਪਏ ਦੇ ਘਪਲੇ ਤੇ ਟੈਕਸ ਚੋਰੀ ਦਾ ਪਰਦਾਫਾਸ਼ ਹੋਣ ਦਾ ਦਾਅਵਾ ਕੀਤਾ ਗਿਆ ਹੈ। ਛਾਪੇਮਾਰੀ ਦੌਰਾਨ ਸਮਾਜਵਾਦੀ ਪਾਰਟੀ ਦੇ ਵੱਡੇ ਆਗੂ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੀਆਂ ਵਿਦੇਸ਼ੀ ਟਿਕਟਾਂ ਨਾਲ ਸਬੰਧਤ ਦਸਤਾਵੇਜ਼ ਮਿਲੇ ਹਨ।

ਕੁਝ ਅਜਿਹੇ ਖਾਤਿਆਂ ਬਾਰੇ ਵੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਨੂੰ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸਭ ਤੋਂ ਅਹਿਮ ਜਾਣਕਾਰੀ ਮਿਲੀ ਹੈ ਕਿ ਅਖਿਲੇਸ਼ ਯਾਦਵ ਦੇ ਕਰੀਬੀ ਦੋਸਤ ਨੇ ਨੋਇਡਾ ‘ਚ ਇੱਕ ਵਿਵਾਦਤ ਜ਼ਮੀਨ 92 ਲੱਖ ‘ਚ ਖਰੀਦੀ ਹੈ, ਜਦਕਿ ਬਾਜ਼ਾਰ ‘ਚ ਇਸ ਦੀ ਕੀਮਤ 40 ਕਰੋੜ ਰੁਪਏ ਹੈ। ਛਾਪੇਮਾਰੀ ਵਿੱਚ ਜਿਨ੍ਹਾਂ ਆਗੂਆਂ ਦੇ ਨਾਂ ਸਾਹਮਣੇ ਆਏ ਹਨ, ਉਨ੍ਹਾਂ ਵਿੱਚ ਜੈਨੇਂਦਰ ਯਾਦਵ, ਰਾਜੀਵ ਰਾਏ, ਰਾਹੁਲ ਭਸੀਨ ਤੇ ਜਗਤ ਸਿੰਘ ਸ਼ਾਮਲ ਹਨ।

ਇਨਕਮ ਟੈਕਸ ਵਿਭਾਗ ਨੂੰ ਮਿਲੀਆਂ ਜਾਅਲੀ ਰਸੀਦਾਂ – ਅਣਐਲਾਨੇ ਨਿਵੇਸ਼ਾਂ ਦਾ ਸਬੂਤ

ਆਮਦਨ ਕਰ ਵਿਭਾਗ ਨੇ ਦਿੱਲੀ-ਐਨਸੀਆਰ, ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਅਤੇ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਸਮੇਤ ਦੇਸ਼ ਦੇ ਕਰੀਬ 30 ਟਿਕਾਣਿਆਂ ‘ਤੇ ਵੱਡੀ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਆਮਦਨ ਕਰ ਵਿਭਾਗ ਨੂੰ ਕਰੋੜਾਂ ਰੁਪਏ ਦੀ ਅਣਦੱਸੀ ਆਮਦਨ ਦਾ ਪਤਾ ਲੱਗਾ ਹੈ।

ਦੱਸਿਆ ਜਾ ਰਿਹਾ ਹੈ ਕਿ ਆਮਦਨ ਕਰ ਵਿਭਾਗ ਦੀ ਇਹ ਕਾਰਵਾਈ ਯੂਪੀ ਦੇ ਲਖਨਊ, ਮੈਨਪੁਰੀ ਅਤੇ ਮਊ, ਬੰਗਾਲ ਦੇ ਕੋਲਕਾਤਾ, ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਅਤੇ ਦਿੱਲੀ-ਐਨਸੀਆਰ ਦੇ ਕਰੀਬ 30 ਸਥਾਨਾਂ ‘ਤੇ ਕੀਤੀ ਗਈ ਹੈ। ਛਾਪੇਮਾਰੀ ਦੌਰਾਨ ਆਮਦਨ ਕਰ ਵਿਭਾਗ ਨੂੰ ਜਾਅਲੀ ਰਸੀਦਾਂ, ਅਣਐਲਾਨੇ ਨਿਵੇਸ਼, ਦਸਤਖਤ ਕੀਤੇ ਚੈੱਕ ਤੇ ਅਣਐਲਾਨੀ ਆਮਦਨ ਦੇ ਸਬੂਤ ਮਿਲੇ ਹਨ।

ਛਾਪੇਮਾਰੀ ਦੌਰਾਨ 86 ਕਰੋੜ ਦੀ ਅਣਦੱਸੀ ਆਮਦਨ ਦੇ ਸਬੂਤ ਮਿਲੇ

ਇਨਕਮ ਟੈਕਸ ਵਿਭਾਗ ਨੂੰ ਛਾਪੇਮਾਰੀ ਦੌਰਾਨ 86 ਕਰੋੜ ਦੀ ਅਣਦੱਸੀ ਆਮਦਨ ਦੇ ਸਬੂਤ ਮਿਲੇ ਹਨ। ਇਸ ਦੇ ਨਾਲ ਹੀ 68 ਕਰੋੜ ਦੀ ਅਣਦੱਸੀ ਆਮਦਨ ਸਵੀਕਾਰ ਕੀਤੀ ਗਈ ਹੈ। ਹਾਲਾਂਕਿ 150 ਕਰੋੜ ਦੀ ਰਾਸ਼ੀ ਦੀ ਵਰਤੋਂ ਦੇ ਕਾਗਜ਼ਾਤ ਅਧਿਕਾਰੀਆਂ ਨੂੰ ਨਹੀਂ ਮਿਲੇ ਹਨ। ਇੱਕ ਹੋਰ ਥਾਂ ਤੋਂ ਵਿਭਾਗ ਨੂੰ 12 ਕਰੋੜ ਦਾ ਅਣਦੱਸਿਆ ਨਿਵੇਸ਼ ਅਤੇ 3.5 ਕਰੋੜ ਦੀ ਬੇਨਾਮੀ ਜਾਇਦਾਦ ਮਿਲੀ ਹੈ।

ਕੋਲਕਾਤਾ ਤੋਂ 40 ਕਰੋੜ ਰੁਪਏ ਦੇ ਜਾਅਲੀ ਕੈਪੀਟਲ ਸ਼ੇਅਰ ਵੀ ਮਿਲੇ

ਇਸ ਦੇ ਨਾਲ ਹੀ ਵਿਭਾਗ ਨੂੰ ਕੋਲਕਾਤਾ ਤੋਂ 40 ਕਰੋੜ ਰੁਪਏ ਦੇ ਜਾਅਲੀ ਪੂੰਜੀ ਸ਼ੇਅਰ ਵੀ ਮਿਲੇ ਹਨ। ਛਾਪੇਮਾਰੀ ਦੌਰਾਨ ਪਤਾ ਲੱਗਾ ਕਿ ਫਰਜ਼ੀ ਕੰਪਨੀਆਂ ਦੇ ਨਾਂ ‘ਤੇ 154 ਕਰੋੜ ਰੁਪਏ ਦੇ ਅਣ-ਸੁਰੱਖਿਅਤ ਕਰਜ਼ੇ ਦਿਖਾਏ ਗਏ ਸਨ। ਛਾਪੇਮਾਰੀ ਦੌਰਾਨ ਕੁਝ ਥਾਵਾਂ ਤੋਂ 1.12 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਇੱਕ ਛੁਪਣਗਾਹ ਤੋਂ ਫੇਮਾ ਦੀ ਉਲੰਘਣਾ ਕਰਕੇ 80 ਲੱਖ ਰੁਪਏ ਦਾਨ ਕੀਤੇ ਜਾਣ ਦਾ ਸਬੂਤ ਮਿਲਿਆ ਹੈ। ਇਸ ਦੇ ਨਾਲ ਹੀ 10 ਕਰੋੜ ਦੀ ਕੈਪੀਟੇਸ਼ਨ ਫੀਸ ਦੇ ਸਬੂਤ ਵੀ ਮਿਲੇ ਹਨ।

NO COMMENTS