Punjab Congress 15,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਸੂਬੇ ‘ਚ ਕਾਂਗਰਸ ਦਾ ਕਲੇਸ਼ ਵਧਦਾ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ ਕਾਂਗਰਸੀ ਆਗੂਆਂ ਦਾ ਗੁੱਸਾ ਫੁੱਟ ਰਿਹਾ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਚੰਨੀ ਦੇ ਚਿਹਰੇ ਕਾਰਨ ਕਾਂਗਰਸ ਹਾਰੀ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਬਾਵਜੂਦ ਪਾਰਟੀ ਨੇ ਆਪਣਾ ਚਿਹਰਾ ਨਹੀਂ ਬਦਲਿਆ। ਇਹ ਗੱਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਹੀ ਹੈ।
ਕਾਂਗਰਸੀ ਆਗੂ ਦਰਸ਼ਨ ਬਰਾੜ ਨੇ ਕਿਹਾ ਚੰਨੀ ਨੂੰ ਪਾਰਟੀ ‘ਚੋਂ ਕੱਢ ਦੇਣਾ ਚਾਹੀਦਾ ਹੈ। ਚੰਨੀ ਪੂਰੇ ਪਰਿਵਾਰ ਦੀਆਂ ਨੌਕਰੀਆਂ ਛੁਡਵਾ ਕੇ ਉਨ੍ਹਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਨਾ ਚਾਹੁੰਦੇ ਸਨ। ਚੰਨੀ ਦਾ ਭਰਾ ਕਾਂਗਰਸ ਖਿਲਾਫ ਲੜਿਆ, ਪਰ ਉਸ ਨੂੰ ਰੋਕਿਆ ਨਹੀਂ। ਦਰਸ਼ਨ ਬਰਾੜ ਨੇ ਕਿਹਾ ਕਿ ਚੰਨੀ ਤੇ ਜਾਖੜ ਨੂੰ ਪਾਰਟੀ ‘ਚੋਂ ਕੱਢ ਕੇ ਸਾਰੀ ਤਾਕਤ ਨਵਜੋਤ ਸਿੱਧੂ ਨੂੰ ਦਿੱਤੀ ਜਾਵੇ।
ਚਰਨਜੀਤ ਸਿੰਘ ਚੰਨੀ ਨੂੰ ਦੱਸਿਆ ‘ਬੋਝ’
ਇਸ ਤੋਂ ਪਹਿਲਾਂ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਚਰਨਜੀਤ ਸਿੰਘ ਚੰਨੀ ਨੂੰ ‘ਬੋਝ’ ਦੱਸਿਆ ਸੀ, ਜਿਸ ਦੇ ‘ਲਾਲਚ ਨੇ ਪਾਰਟੀ ਨੂੰ ਹੇਠਾਂ ਲਿਆਂਦਾ’। ਜਾਖੜ ਨੇ ਐਤਵਾਰ ਨੂੰ ਨਵੀਂ ਦਿੱਲੀ ਵਿਖੇ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਦੌਰਾਨ ਉਨ੍ਹਾਂ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਪਾਰਟੀ ਦੀ ਸੀਨੀਅਰ ਆਗੂ ਅੰਬਿਕਾ ਸੋਨੀ ‘ਤੇ ਨਿਸ਼ਾਨਾ ਸਾਧਿਆ, ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਮੀਟਿੰਗ ਦੌਰਾਨ ਇਸ ਬਾਰੇ ਚਰਚਾ ਕੀਤੀ ਗਈ ਸੀ ਕਿ ਕਿਸ ਤਰ੍ਹਾਂ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਸਾਬਕਾ ਮੁੱਖ ਮੰਤਰੀ ਚੰਨੀ ਦਾ ਸਮਰਥਨ ਕਰਨ ਵਿੱਚ ਅਸਫਲ ਰਹੀ, ਜਿਸ ਨੂੰ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੁਆਰਾ ਇੱਕ ਲਾਭਦਾਇਕ ਆਗੂ (Asset) ਵਜੋਂ ਪੇਸ਼ ਕੀਤਾ ਗਿਆ ਸੀ।
117 ਮੈਂਬਰੀ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤੀਆਂ ਹਨ। ਕਾਂਗਰਸ ਚੋਣਾਂ ਵਿੱਚ ਹਾਰ ਗਈ ਸੀ ਅਤੇ ਸਿਰਫ਼ 18 ਸੀਟਾਂ ਹੀ ਜਿੱਤ ਸਕੀ ਸੀ।