ਚੋਣਾਂ ‘ਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਐਕਸ਼ਨ, ਪੰਜਾਬ ਸਮੇਤ ਪੰਜ ਰਾਜਾਂ ਦੇ ਕਾਂਗਰਸ ਪ੍ਰਧਾਨਾਂ ਦੇ ਮੰਗੇ ਅਸਤੀਫ਼ੇ

0
71

Sonia Gandhi  15,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) ਪੰਜ ਰਾਜਾਂ ‘ਚ ਹੋਈਆਂ ਚੋਣਾਂ ‘ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੱਡਾ ਫੈਸਲਾ ਲਿਆ ਹੈ। ਪਾਰਟੀ ਨੇਤਾ ਰਣਦੀਪ ਸੁਰਜੇਵਾਲਾ ਨੇ ਕਿਹਾ, “ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਦੇ ਪ੍ਰਦੇਸ਼ ਕਾਂਗਰਸ ਪ੍ਰਧਾਨਾਂ ਨੂੰ ਪ੍ਰਦੇਸ਼ ਕਾਂਗਰਸ ਦੇ ਪੁਨਰਗਠਨ ਲਈ ਆਪਣੇ ਅਸਤੀਫੇ ਦੇਣ ਲਈ ਕਿਹਾ ਹੈ। 

ਦਸ ਦਈਏ ਕਿ ਉੱਤਰ ਪ੍ਰਦੇਸ਼ ਵਿੱਚ ਪ੍ਰਿਅੰਕਾ ਗਾਂਧੀ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਪਰ ਕਾਂਗਰਸ ਸਿਰਫ਼ ਦੋ ਸੀਟਾਂ ਹੀ ਜਿੱਤ ਸਕੀ। ਰਾਹੁਲ ਗਾਂਧੀ ਨੇ ਪੂਰੇ ਯੂਪੀ ਚੋਣਾਂ ਵਿੱਚ ਬਹੁਤ ਘੱਟ ਪ੍ਰਚਾਰ ਕੀਤਾ। ਪਾਰਟੀ ਨੂੰ ਸੂਬੇ ਵਿੱਚ ਸਿਰਫ਼ 2.4 ਫ਼ੀਸਦੀ ਵੋਟ ਮਿਲੇ ਹਨ। ਯੂਪੀ ਦੀਆਂ 380 ਸੀਟਾਂ ‘ਤੇ ਕਾਂਗਰਸੀ ਉਮੀਦਵਾਰਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ।

ਕਾਂਗਰਸ ਦੀ ਹਾਰ ਤੋਂ ਬਾਅਦ ਕੇਰਲ ਦੇ ਸਾਂਸਦ ਸ਼ਸ਼ੀ ਥਰੂਰ ਸਮੇਤ ਕਈ ਨੇਤਾ ਪਹਿਲਾਂ ਹੀ ਸਿਖਰਲੇ ਪੱਧਰ ‘ਤੇ ਬਦਲਾਅ ਦੀ ਮੰਗ ਕਰ ਚੁੱਕੇ ਹਨ। ਹਾਲਾਂਕਿ ਕਰਨਾਟਕ ਦੇ ਸੀਨੀਅਰ ਨੇਤਾ ਮੱਲਿਕਾਰਜੁਨ ਖੜਗੇ ਅਤੇ ਡੀਕੇ ਸ਼ਿਵਕੁਮਾਰ ਨੇ ਗਾਂਧੀ ਪਰਿਵਾਰ ‘ਤੇ ਭਰੋਸਾ ਜਤਾਇਆ ਹੈ।

ਹਾਰ ਤੋਂ ਬਾਅਦ ਯੂਪੀ ਕਾਂਗਰਸ ਦੇ ਕਈ ਨੇਤਾਵਾਂ ਨੇ ਵੀ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ। ਦੂਜੇ ਪਾਸੇ, ਯੂਪੀ ਕਾਂਗਰਸ ਦੇ ਇਲੈਕਟ੍ਰਾਨਿਕ ਮੀਡੀਆ ਕੋਆਰਡੀਨੇਟਰ ਜੀਸ਼ਾਨ ਹੈਦਰ ਨੂੰ ਲੀਡਰਸ਼ਿਪ ਪ੍ਰਤੀ ਇਤਰਾਜ਼ਯੋਗ ਬਿਆਨ ਦੇਣ ਲਈ ਪਾਰਟੀ ਤੋਂ ਕੱਢ ਦਿੱਤਾ ਗਿਆ ਹੈ।

ਪੰਜਾਬ ਚ ਵੀ  ਰਿਹਾ ਕਾਂਗਰਸ ਦਾ ਮਾੜਾ ਹਾਲ

ਇਸ ਦੇ ਨਾਲ ਹੀ ਪੰਜਾਬ ਵਿੱਚ ਧੜੇਬੰਦੀ ਅਤੇ ਆਪਸੀ ਕਲੇਸ਼ ਵਿੱਚ ਫਸੀ ਹੋਈ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉੱਥੇ ਹੀ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤ ਕੇ ਵੱਡਾ ਧਮਾਕਾ ਕੀਤਾ ਹੈ। ਕਾਂਗਰਸ ਸਿਰਫ਼ 18 ਸੀਟਾਂ ‘ਤੇ ਹੀ ਸਿਮਟ ਗਈ। ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਚੋਣਾਂ ਹਾਰ ਗਏ। ਯੂਪੀ ‘ਚ ਕਾਂਗਰਸ ਸਿਰਫ਼ ਦੋ ਸੀਟਾਂ ਹੀ ਜਿੱਤੀ ਹੈ। ਉੱਤਰਾਖੰਡ ਵਿੱਚ ਵੀ ਐਗਜ਼ਿਟ ਪੋਲ ਨੇ ਭਾਜਪਾ ਨਾਲ ਕਾਂਗਰਸ ਦੀ ਸਖ਼ਤ ਟੱਕਰ ਦੀ ਸੰਭਾਵਨਾ ਜਤਾਈ ਪਰ ਜਦੋਂ ਨਤੀਜੇ ਆਏ ਤਾਂ ਕਾਂਗਰਸ ਬਹੁਤ ਪਿੱਛੇ ਰਹਿ ਗਈ। ਗੋਆ ਵਿੱਚ ਵੀ ਕਾਂਗਰਸ ਦਾ ਇਹੀ ਹਾਲ ਹੋਇਆ। ਮਨੀਪੁਰ ਵਿਚ ਵੀ ਕਾਂਗਰਸ ਸਿਰਫ਼ ਪੰਜ ਸੀਟਾਂ ‘ਤੇ ਹੀ ਸਿਮਟ ਗਈ।

NO COMMENTS