ਚੀਨ ਨੂੰ ਸਬਕ ਸਿਖਾਉਣ ਦੇ ਨਾਲ ਨਾਲ ਚੀਨ ਤੋਂ ਸਬਕ ਸਿੱਖਣ ਦੀ ਵੀ ਲੋੜ

0
42
ਦੁਨੀਆਂ ਦੇ ਕੁਝ ਦੇਸ਼ਾਂ ਦੀ ਆਰਥਿਕਤਾ ਖੇਤੀਬਾੜੀ ਆਧਾਰਤ ਕੁਝ ਦੀ ਉਦਯੋਗ ਅਧਾਰਤ ਅਤੇ ਕੁਝ ਕੁ ਦੇਸ਼ਾਂ ਦਾ ਆਰਥਿਕਤਾ ਸੂਚਨਾ ਅਤੇ ਤਕਨੀਕ ਅਧਾਰਤ ਹੈ। ਇਸ ਵੇਲੇ ਉਹ ਦੇਸ਼ ਮੁਹਰਲੀ ਕਤਾਰ ਵਿੱਚ ਹਨ ਜੋ ਸੂਚਨਾ ਅਤੇ ਤਕਨੀਕ ਤੋਂ ਪੈਸਾ ਕਮਾ ਰਹੇ ਹਨ। ਜਿਥੇ ਦੁਨੀਆਂ ਭਰ ਵਿੱਚ ਤਕਨਾਲੋਜੀ ਦੀ ਕ੍ਰਾਂਤੀ ਆਈ ਹੈ ਉਥੇ ਭਾਰਤ ਵੀ ਡਿਜੀਟਲਾਈਜੇਸ਼ਨ ਵੱਲ ਵਧ ਰਿਹਾ ਹੈ। ਭਾਵੇਂ ਅਨਪੜ੍ਹਤਾ, ਗਰੀਬੀ ਆਦਿ ਕਾਰਨ ਡਿਜੀਟਲ ਵੰਡ ਵਿੱਚ ਹਾਲੇ ਸਾਡਾ ਦੇਸ਼ ਕਾਫੀ ਪਿਛੇ ਹੈ ਪਰ ਫਿਰ ਵੀ ਅਬਾਦੀ ਜਿਆਦਾ ਹੋਣ ਕਾਰਨ ਡਿਜੀਟਲ ਮਾਰਕੀਟਿੰਗ ਲਈ ਵੱਡਾ ਬਜ਼ਾਰ ਪ੍ਰਦਾਨ ਕਰ ਰਿਹਾ ਹੈ।  ਪਰ ਭਾਰਤ ਦੀ ਇਸ ਡਿਜੀਟਲ ਕ੍ਰਾਂਤੀ ਦਾ ਫਾਇਦਾ ਹੋਰ ਦੇਸ਼ ਉਠਾ ਰਹੇ ਹਨ। ਕਿਸੇ ਵੀ ਦੇਸ਼ ਵਿੱਚ ਬਣੀਆਂ ਮੋਬਾਈਲ ਐਪਲੀਕੇਸ਼ਨਾ ਅਤੇ ਗੇਮਾਂ ਨੂੰ  ਡਾਉਨਲੋਡ ਕਰ ਕਰ ਕੇ ਅਸੀਂ ਬੜੀ ਛੇਤੀ ਮਸ਼ਹੂਰ ਕਰ ਦਿੰਦੇ ਹਾਂ। ਚੀਨ ਦੀ ਹੀ ਗੱਲ ਲੈ ਲਓ ਟਿਕਟਾਕ, ਯੂ ਸੀ ਵੈਬ, ਵੀ ਚੈਟ ਆਦਿ ਕਿੰਨੀਆ ਹੀ ਐਪਲੀਕੇਸ਼ਨ ਅਸੀਂ ਧੜਾਧੜ ਵਰਤ ਰਹੇ ਹਾਂ। ਕੀ ਤੁਹਾਨੂੰ ਪਤਾ ਹੈ ਇੰਨਾ ਅੈਪਲੀਕੇਸ਼ਨਾ ਤੋਂ ਚੀਨ ਕਰੋੜਾਂ ਨਹੀਂ ਅਰਬਾਂ ਕਮਾ ਰਿਹਾ ਹੈ। ਇਸੇ  ਹੀ ਤਰ੍ਹਾਂ ਅਮਰੀਕਾ ਦੀਆਂ ਫੇਸਬੁੱਕ,  ਵੱਟਸਐਪ, ਟਵੀਟਰ ਵਰਗੀਆਂ ਐਪਸ ਵੀ ਇਸੇ ਤਰ੍ਹਾਂ ਧੁਮ ਮਚਾ ਰਹੀਆਂ ਹਨ।             ਕੀ ਅਸੀਂ ਇਨ੍ਹਾਂ ਦੇਸਾਂ ਦੀ ਰੀਸ ਨਹੀਂ ਕਰ ਸਕਦੇ ?  ਕੀ ਅਸੀਂ ਭਾਰਤੀਆਂ ਲਈ ਸਵਦੇਸ਼ੀ ਐਪਸ ਨਹੀਂ ਬਣਾ ਸਕਦੇ? ਜੇਕਰ ਸਰਕਾਰਾਂ ਹੋਰ ਵਿਰੋਧੀ ਪਾਰਟੀ ਬਿਆਨਬਾਜੀ, ਧਾਰਮਿਕ, ਜਾਤੀਗਤ ਮਸਲਿਆਂ ਤੋਂ ਧਿਆਨ ਲਾਂਭੇ ਕਰ ਕੇ ਇਸ ਬਾਰੇ ਸੋਚਣ ਅਤੇ  ਤਕਨੀਕੀ ਸਿੱਖਿਆ ਤੇ ਜੋਰ ਦੇਣ ਤਾਂ ਅਸੀਂ ਵੀ ਸੂਚਨਾ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਅੱਗੇ ਵਧ ਸਕਦੇ ਹਾਂ।
      ਚੀਨ ਨਾਲ ਪੈਦਾ ਹੋਏ ਤਣਾਅ ਕਾਰਨ ਚੀਨੀ ਸਮਾਨ ਦਾ ਬਾਈਕਾਟ ਕਰਨ ਦੀ ਗੱਲ ਅੱਜ-ਕੱਲ੍ਹ  ਚਰਚਾ ਦਾ ਮੁੱਖ ਵਿਸ਼ਾ ਬਣੀ ਹੋਈ ਹੈ। ਸਾਡੇ ਕੁਝ ਤੱਤੇ ਸੁਭਾਅ ਦੇ ਭਾਰਤੀ ਤਾਂ ਚੀਨੀ ਵਸਤੂਆਂ ਨੂੰ ਤੋੜਨ ਭੰਨਣ ਤੇ ਉਤਾਰੂ ਹੋ ਗਏ ਹਨ । ਪਰ ਇਸ ਤਰ੍ਹਾਂ  ਚੀਨੀ ਸਮਾਨ ਦਾ ਬਾਈਕਾਟ ਕਰਨ ਨਾਲ ਤਾਂ ਉਨ੍ਹਾਂ ਛੋਟੇ ਦੁਕਾਨਦਾਰਾਂ ਦਾ ਨੁਕਸਾਨ ਹੋਵੇਗਾ ਜੋ ਉਸ ਸਮਾਨ ਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਖਰੀਦ ਚੁੱਕੇ ਹਨ। ਇਹ ਕੰਮ ਸਰਕਾਰਾਂ ਦੇ ਹਨ ਕਿ ਉਹ ਚੀਨ ਨਾਲ ਵਿਉਪਾਰਕ ਸਾਂਝ ਤੋੜਨ। ਪਰ ਜੇਕਰ ਦੇਖੀਏ ਤਾਂ ਉਹ ਕਿਹੜਾ ਸਮਾਨ ਹੈ ਜੋ ਚੀਨ ਤੋਂ ਨਹੀਂ ਆਉਂਦਾ ਬੱਚਿਆਂ ਦੇ ਖਿਡਾਉਣਿਆਂ ਤੋਂ ਲੈ ਕੇ ਵੱਡੇ ਵੱਡੇ ਔਜ਼ਾਰਾਂ ਤੱਕ ਸਾਰਾ ਸਾਮਾਨ ਚੀਨ ਵਿੱਚ ਬਣਦਾ ਹੈ ਅਤੇ ਉਸ ਦੀ ਕੀਮਤ ਵੀ ਇੰਨੀ ਘੱਟ ਹੁੰਦੀ ਹੈ ਸਾਡੇ ਦੇਸ਼ ਦੀ ਬਹੁਤੀ ਜਨਸੰਖਿਆ ਉਸ ਨੂੰ ਖਰੀਦ ਕੇ ਖੁਸ਼ ਹੈ। ਇਥੇ ਇਹ ਗੱਲ ਵੀ ਲਾਗੂ ਹੁੰਦੀ ਹੈ ਕਿ ਸਰਕਾਰ ਨੂੰ ਉਸ ਸਮਾਨ ਦੀ ਪੂਰਤੀ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਕਿਉਂ ਨਾ ਉਹਨਾਂ ਵਿੱਚੋਂ ਬਹੁਤ ਸਾਰੀਆਂ ਚੀਜਾਂ ਭਾਰਤ ਵਿੱਚ ਬਣਨ ਜਿਸ ਨਾਲ ਕਾਫੀ ਹੱਦ ਤੱਕ ਬੇਰੁਜ਼ਗਾਰੀ ਦੀ ਸਮੱਸਿਆ ਵੀ ਹੱਲ ਹੋ ਸਕਦੀ ਹੈ। ਚੀਨੀ ਸਮਾਨ ਦੇ ਬਾਈਕਾਟ ਅੰਤਰਗਤ ਭਾਰਤ ਸਰਕਾਰ ਇਕੱਲਾ 59 ਚੀਨੀ ਐਪਲੀਕੇਸ਼ਨਾ ਨੂੰ ਬੰਦ ਕਰ ਕੇ ਹੀ ਚੀਨ ਨੂੰ ਸਬਕ ਸਿੱਖਾ ਕੇ ਹੀ ਸੰਤੁਸ਼ਟ ਨਾ ਹੋਵੇ ਸਗੋਂ   ਚੀਨ ਤੋਂ ਸਬਕ ਲੈ ਕੇ ਇਸ ਤਰ੍ਹਾਂ ਦੀਆਂ ਐਪਲੀਕੇਸ਼ਨਾ ਭਾਰਤ ਤੋਂ ਚਲਾਵੇ ਤਾਂ ਜੋ ਚੀਨ ਦੀ ਤਰ੍ਹਾਂ ਇਨ੍ਹਾਂ ਦੀ ਕਮਾਈ ਨਾਲ ਸਾਡੇ ਦੇਸ਼ ਦੀ ਅਰਥਚਾਰਾ ਵੀ ਮਜਬੂਤ ਹੋ ਸਕੇ। 
   ਭਾਰਤ ਵਿੱਚ ਨਾ ਤਾਂ ਲੋਕ ਹੀ ਵੋਟ ਪਾਉਣ ਸਮੇਂ ਇਸ ਤਰ੍ਹਾਂ ਦੀ ਮੰਗ ਕਰਦੇ ਹਨ ਅਤੇ ਨਾ ਹੀ ਸਰਕਾਰਾਂ ਜਾਂ ਰਾਜਨੀਤਕ ਪਾਰਟੀਆਂ ਇਹੋ ਜਿਹੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲਿਜਾਣ ਵਾਲੇ ਮੁੱਦਿਆਂ ਬਾਰੇ ਜਿ਼ਆਦਾ ਦਿਲਚਸਪੀ ਦਿਖਾਉਂਦਿਆਂ ਹਨ। ਕਿਉਂਕਿ ਉਨ੍ਹਾਂ ਕੋਲ ਵੋਟਾਂ ਲੈਣ ਲਈ ਹੋਰ ਧਾਰਮਿਕ ਅਤੇ ਜਾਤੀਗਤ ਮੁੱਦੇ  ਮੌਜੂਦ ਹਨ ਉਨ੍ਹਾਂ ਨੂੰ ਪਤਾ ਹੈ ਕਿ ਲੋਕ ਇਨ੍ਹਾਂ ਮੁੱਦਿਆਂ ਤੇ ਹੀ ਵੋਟ ਦੇਣਗੇ। ਸਾਡੇ ਦੇਸ਼ ਵਿੱਚ ਸਿੱਖਿਆ ਲਈ ਰੱਖੇ ਜਾਂਦੇ ਸਲਾਨਾ ਬਜਟ ਤੋਂ ਜਿਆਦਾ ਰਾਜਨੀਤਕ ਪਾਰਟੀਆਂ ਚੋਣ ਰੈਲੀਆਂ ਤੇ ਖਰਚ ਕਰ ਦਿੰਦੀਆਂ ਹਨ। ਉਸ ਰੱਖੇ ਗਏ ਬਜਟ ਵਿੱਚ ਵੀ ਅਨੇਕਾਂ ਘੁਟਾਲੇ ਸਾਹਮਣੇ ਆ ਜਾਂਦੇ ਹਨ। ਤਕਨੀਕੀ ਸਿੱਖਿਆ ਇੰਨੀ ਮਹਿੰਗੀ ਹੈ ਕਿ ਪਹਿਲਾਂ ਤਾਂ ਸਧਾਰਨ ਵਿਅਕਤੀ ਉਸ ਨੂੰ ਹਾਸਲ ਨਹੀਂ ਕਰ ਸਕਦਾ ਜੇਕਰ ਪੜ ਲਵੇ ਤਾਂ ਮਾਮੂਲੀ ਤਨਖਾਹ ਤੇ ਨੌਕਰੀ ਮਿਲਦੀ ਹੈ। 
  ਸੋ ਹੁਣ ਲੋੜ ਹੈ ਭਾਰਤੀ ਵੋਟਰਾਂ ਨੂੰ ਜਾਗਣ ਦੀ ਕਿ ਅੱਗੇ ਤੋਂ ਉਸ ਪਾਰਟੀ ਨੂੰ ਵੋਟ ਦੇਣ ਜੋ ਦੇਸ਼ ਨੂੰ ਸੂਚਨਾ ਤਕਨਾਲੋਜੀ ਤਰੱਕੀ , ਭਰਿਸ਼ਟਾਚਾਰ ਮੁਕਤੀ , ਸਿੱਖਿਆ ਬਜਟ ਵਿੱਚ ਵਾਧਾ ਕਰਨ ਦਾ ਵਾਅਦਾ ਕਰੇ ਨਾ  ਕਿ ਮੰਦਰ,ਮਸਜਿਦ, ਹਿੰਦੂ, ਸਿੱਖ, ਮੁਸਲਮਾਨ, ਜਾਤੀ ਆਦਿ ਮੁਦਿਆਂ ਵਿੱਚ ਉਲਝਾਈ ਜਾਵੇ ਅਤੇ ਉਨ੍ਹਾਂ ਵਾਅਦਿਆਂ ਨੂੰ ਅਮਲੀ ਰੂਪ ਦਿਵਾਉਣ ਦੀ ਜਿੰਮੇਵਾਰੀ ਵੀ ਸਾਡੀ ਸਭ ਦੀ ਬਣਦੀ ਹੈ। ਚੀਨ ਨੂੰ ਸਬਕ ਸਿਖਾਉਣ ਲਈ ਕੇਵਲ ਬੇਤੁਕੀਆਂ ਗੱਲਾਂ ਕਰਨ ਨਾਲ ਕੁੱਝ ਨਹੀਂ ਹੋਣਾ । ਚੀਨ ਤੇ ਨਿਰਭਰਤਾ ਘਟਾਉਣ ਲਈ ਸਾਡੇ ਦੇਸ਼ ਨੂੰ ਆਤਮ ਨਿਰਭਰ  ਬਣਨਾ ਚਾਹੀਦਾ ਹੈ। ਖਾਸ ਤੌਰ ‘ਤੇ ਤਕਨੀਕੀ ਸਿੱਖਿਆ ਤੇ ਤਕਨੀਕੀ ਕਾਰੋਬਾਰਾਂ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ। 
ਚਾਨਣ ਦੀਪ ਸਿੰਘ 

NO COMMENTS