ਘਰੇਲੂ ਹਿੰਸਾ ਤੋਂ ਪੀੜਤ ਔਰਤਾਂ ਲਈ ਵਰਦਾਨ ਸਾਬਿਤ ਹੋ ਰਿਹਾ ਵਨ ਸਟਾਪ ਸਖੀ ਸੈਂਟਰ

0
28

ਮਾਨਸਾ, 10 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਜ਼ਿਲ੍ਹਾ ਮਾਨਸਾ ਵਿੱਚ ਖੋਲ੍ਹਿਆ ਗਿਆ ਵਨ ਸਟਾਪ ਸੈਂਟਰ (ਸਖੀ) ਲਾਕ-ਡਾਊਨ ਦੌਰਾਨ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਪਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਲਾਕ-ਡਾਊਨ ਕਾਰਨ ਘਰੇਲੂ ਹਿੰਸਾ ਵਿਚ ਆਏ ਵਾਧੇ ਕਾਰਨ ਵਨ ਸਟਾਪ ਸੈਂਟਰ ਨੂੰ ਘਰੇਲੂ ਹਿੰਸਾ ਦੇ 81 ਕੇਸ ਪ੍ਰਾਪਤ ਹੋਏ।ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਪਤ ਕੇਸਾਂ ਵਿਚੋਂ 20 ਵਿਚ ਸਾਇਕੋ-ਸੋਸ਼ਲ ਕਾਊਸਲਿੰਗ, 17 ਕੇਸਾਂ ਵਿੱਚ ਮੁਫਤ ਕਾਨੂੰਨੀ ਸਹਾਇਤਾ, 2 ਕੇਸਾਂ ਵਿੱਚ ਅਸਥਾਈ ਰਿਹਾਇਸ਼ ਅਤੇ 42 ਕੇਸਾਂ ਵਿੱਚ ਪੁਲਿਸ ਮਦਦ ਮੁਹੱਈਆ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਸਖੀ ਸੈਂਟਰ ਰਾਹੀਂ ਪ੍ਰਾਪਤ ਕੇਸਾਂ ਵਿੱਚ ਲੋੜੀਂਦੀਆਂ ਵੱਖ-ਵੱਖ ਸੇਵਾਵਾਂ ਜਿਵੇਂ ਸਾਇਕੋ ਸੋਸ਼ਲ ਕਾਊਸਲਿੰਗ, ਮੁਫ਼ਤ ਕਾਨੂੰਨੀ ਸਲਾਹ, ਮੁਫਤੀ ਕਾਨੂੰਨੀ ਸਹਾਇਤਾ, ਮੈਡੀਕਲ ਸੁਵਿਧਾ ਅਤੇ ਪੁਲਿਸ ਮਦਦ ਤੋਂ ਇਲਾਵਾ ਵਨ ਸਟਾਪ ਸੈਂਟਰ ਦੇ ਕਰਮਚਾਰੀਆਂ ਵੱਲੋਂ ਘਰੇਲੂ ਹਿੰਸਾ ਪੀੜਤ ਔਰਤਾਂ ਦੀ ਘਰ-ਘਰ ਜਾ ਕੇ ਫੀਡ ਬੈਕ ਲਈ ਜਾ ਰਹੀ ਹੈ ਅਤੇ ਆਮ ਲੋਕਾਂ ਨੂੰ ਵੀ ਵਨ ਸਟਾਪ ਸਕੀਮ ਪ੍ਰਤੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਵਨ ਸਟਾਪ ਸੈਂਟਰ ਵਿਖੇ ਪੀੜਤ ਔਰਤਾਂ ਵਲੋਂ ਦਿੱਤੀ ਜਾਣਕਾਰੀ ਪੂਰਨ ਤੌਰ ‘ਤੇ ਗੁਪਤ ਰੱਖੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਸਹਿਜ ਮਹਿਸੂਸ ਕਰਵਾਇਆ ਜਾਂਦਾ ਹੈ, ਜਿਸ ਕਾਰਨ ਵਨ ਸਟਾਪ ਸੈਂਟਰ ਪ੍ਰਤੀ ਔਰਤਾਂ ਦਾ ਭਰੋਸਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਨ ਸਟਾਪ ਸੈਂਟਰ ਮਾਨਸਾ ਦੇ ਟੈਲੀਫੋਨ ਨੰਬਰ (01652-233100) ਅਤੇ ਵਿਭਾਗ ਵਲੋਂ ਜਾਰੀ ਕੀਤੇ ਗਏ ਸਾਇਕੋ ਸੋਸ਼ਲ ਕਾਊਸਲਿੰਗ ਲਈ ਟੋਲ ਫਰੀ ਨੰਬਰ (1800 180 4104) ਨੂੰ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆਂ ਰਾਹੀਂ ਵੱਧ ਤੋਂ ਵੱਧ ਲੋਕਾਂ ਤੱਕ ਪੁਹੰਚਾਇਆ ਜਾ ਰਿਹਾ ਹੈ।

NO COMMENTS