ਨਵੀਂ ਦਿੱਲੀ 17,ਅਪ੍ਰੈਲ (ਸਾਰਾ ਯਹਾਂ /ਬਿਓਰੋ ਰਿਪੋਰਟ): 26 ਜਨਵਰੀ ਨੂੰ ਦਿੱਲੀ ਲਾਲ ਕਿਲ੍ਹਾ ਹਿੰਸਾ ਦੇ ਮਾਮਲੇ ‘ਚ ਸ਼ਨੀਵਾਰ ਨੂੰ ਦੀਪ ਸਿੱਧੂ (Deep Sidhu) ਨੂੰ ਜ਼ਮਾਨਤ ਦਿੱਤੀ ਗਈ ਸੀ। ਪਰ ਹੁਣ ਦੀਪ ਸਿੱਧੂ ਨਾਲ ਜੁੜੀ ਵੱਡੀ ਖ਼ਬਰ ਆ ਰਹੀ ਹੈ ਕਿ ਦੀਪ ਸਿੱਧੂ ਨੂੰ ਇੱਕ ਹੋਰ ਕੇਸ ਵਿੱਚ ਦੁਬਾਰਾ ਗ੍ਰਿਫਤਾਰ ਕੀਤਾ ਗਿਆ। ਭਾਰਤ ਦੇ ਪੁਰਾਤੱਤਵ ਵਿਭਾਗ (ASI ) ਵੱਲੋਂ ਦਾਇਰ ਕੀਤੀ ਸ਼ਿਕਾਇਤ ਵਿੱਚ ਦੀਪ ਸਿੱਧੂ ਨੂੰ ਦਿੱਲੀ ਪੁਲਿਸ (Delhi Police) ਦੀ ਅਪਰਾਧ ਸ਼ਾਖਾ ਵਿੱਚ ਦਰਜ ਕੀਤੇ ਕੇਸ ਦੇ ਅਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ। ਲਾਲ ਕਿਲ੍ਹੇ ਵਿਚ ਹਿੰਸਾ ਨਾਲ ਜੁੜੇ ਇੱਕ ਪੁਰਾਣੇ ਕੇਸ ਵਿਚ ਤੀਸ ਹਜ਼ਾਰੀ ਕੋਰਟ (Tees Hazari Court) ਨੇ ਸਿੱਧੂ ਨੂੰ ਜ਼ਮਾਨਤ ਦਿੱਤੀ ਸੀ।
ਲਾਲ ਕਿਲਾ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਦੀਪ ਸਿੱਧੂ ਨੂੰ ਅਦਾਲਤ ਤੋਂ ਰਾਹਤ ਮਿਲੀ ਸੀ। ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਦੀਪ ਸਿੱਧੂ ਨੂੰ 30 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦੇ ਦਿੱਤੀ। ਹਾਲਾਂਕਿ ਅਦਾਲਤ ਨੇ ਦੀਪ ਸਿੱਧੂ ਦੀ ਜ਼ਮਾਨਤ ਪਿੱਛੇ ਕੁਝ ਸ਼ਰਤ ਰੱਖੀ ਹੈ।
ਤੀਸ ਹਜ਼ਾਰੀ ਅਦਾਲਤ ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਦੀਪ ਸਿੱਧੂ ਜਾਂਚ ਵਿਚ ਪੁਲਿਸ ਦੀ ਮਦਦ ਕਰੇਗਾ ਅਤੇ ਗਵਾਹਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਆਪਣੇ ਫੋਨ ਨੂੰ 24 ਘੰਟੇ ਆਨ ਰੱਖੇਗਾ ਅਤੇ ਆਪਣੀ ਲੌਕੇਸ਼ਨ ਦੀ ਜਾਣਕਾਰੀ ਜਾਂਚ ਅਧਿਕਾਰੀ ਨੂੰ ਦਵੇਗਾ।
ਦੱਸ ਦਈਏ ਕਿ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ ਤੋਂ ਪਹਿਲਾਂ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ 12 ਅਪ੍ਰੈਲ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸੁਣਵਾਈ ਦੌਰਾਨ ਅਦਾਲਤ ਵਿੱਚ ਦੀਪ ਸਿੱਧੂ ਨੇ ਕਿਹਾ ਕਿ ਉਨ੍ਹਾਂ ’ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ।