*ਗੌਰਮਿੰਟ ਡੀ.ਪੀ.ਈ./ਲੈਕਚਰਾਰ ਯੂਨੀਅਨ ਪੰਜਾਬ ਵੱਲੋਂ ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜ਼ਮੀ ਕਰਨ ਦੀ ਮੰਗ*

0
21

ਮਾਨਸਾ, 20 ਮਈ (ਸਾਰਾ ਯਹਾਂ/ਮੁੱਖ ਸੰਪਾਦਕ) ਗੌਰਮਿੰਟ ਡੀ.ਪੀ.ਈ./ਲੈਕਚਰਾਰ ਯੂਨੀਅਨ ਪੰਜਾਬ ਵੱਲੋਂ ਜਥੇਬੰਦੀ ਦੇ ਸੂਬਾ ਸਰਪ੍ਰਸਤ ਸਿਕੰਦਰ ਸਿੰਘ ਮਾਨਸਾ ਦੀ ਅਗਵਾਈ ਹੇਠ ਇੱਥੇ ਬਾਲ ਭਵਨ ਵਿੱਚ ਇਕੱਤਰਤਾ ਕਰਕੇ ਸਰੀਰਕ ਸਿੱਖਿਆ ਅਧਿਆਪਕਾਂ ਦੀਆਂ ਸਮੱਸਿਆਵਾਂ ਸਬੰਧੀ ਚਰਚਾ ਅਤੇ ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜ਼ਮੀ ਕਰਨ ਦੀ ਮੰਗ ਕੀਤੀ ਗਈ। ਯੂਨੀਅਨ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਮੰਗ ਕੀਤੀ ਕਿ ਸਰੀਰਕ ਸਿੱਖਿਆ ਵਿਸ਼ੇ ਨੂੰ ਦਸਵੀਂ ਜਮਾਤ ਤੱਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਖੇਡਾਂ ਵਿੱਚ ਰੁਚੀ ਵਧਾਉਣ ਲਈ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਤੱਕ ਸਰੀਰਕ ਸਿੱਖਿਆ ਵਿਸ਼ੇ ਦੇ ਛੇ–ਛੇ ਪੀਰੀਅਡ ਕੀਤੇ ਜਾਣ। ਆਗੂਆਂ ਨੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਸਕੂਲ ਦੇ ਸਮੁੱਚੇ ਟਾਈਮ ਟੇਬਲ ਵਿੱਚ ਸੁਧਾਰ ਕਰਕੇ ਰੋਜ਼ਾਨਾ 8 ਦੀ ਜਗ੍ਹਾ 9 ਪੀਰੀਅਡਾਂ ਦਾ ਟਾਈਮ ਟੇਬਲ ਤਿਆਰ ਕੀਤਾ ਜਾਵੇ ਤਾਂ ਕਿ ਹਰ ਵਿਸ਼ੇ ਨੂੰ ਬਣਦੇ ਪੀਰੀਅਡ ਮਿਲ ਸਕਣ। ਲਾਜ਼ਮੀ ਵਿਸ਼ਿਆਂ ਦੀ ਤਰਜ ‘ਤੇ ਸਰੀਰਕ ਸਿੱਖਿਆ ਵਿਸ਼ੇ ਦੇ ਸਾਲਾਨਾ ਪੇਪਰਾਂ ਦਾ ਮੁਲਾਂਕਣ ਬੋਰਡ ਦੁਆਰਾ ਕਰਵਾਇਆ ਜਾਵੇ ਅਤੇ ਸਰੀਰਕ ਸਿੱਖਿਆ ਵਿਸ਼ੇ ਦੀ ਪ੍ਰਯੋਗੀ ਪ੍ਰੀਖਿਆ ਲਈ ਪਹਿਲਾਂ ਦੀ ਤਰ੍ਹਾਂ ਬਾਹਰੀ ਪ੍ਰੀਖਿਅਕਾਂ ਦੀ ਡਿਊਟੀ ਲਗਾਈ ਜਾਵੇ। ਜਥੇਬੰਦੀ ਨੇ ਕਿਹਾ ਕਿ ਸਰੀਰਕ ਸਿੱਖਿਆ ਵਿਸ਼ੇ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਵਿਸ਼ੇ ਨੂੰ ਬਣਦਾ ਸਨਮਾਨ ਦਿੱਤਾ ਜਾਵੇ ਤਾਂ ਕਿ ਵਿਦਿਆਰਥੀਆਂ ਦਾ ਰੁਝਾਨ ਸਰੀਰਕ  ਸਿੱਖਿਆ ਵਿਸ਼ੇ ਵੱਲ ਵਧੇ ਅਤੇ ਖੇਡਾਂ ਨਾਲ ਜੁੜ ਕੇ ਉਹ ਨਸ਼ੇ ਤੋਂ ਦੂਰ ਰਹਿਣ। ਇਸ ਮੌਕੇ ਜਥੇਬੰਦੀ ਦੇ ਸਰਪ੍ਰਸਤ ਸਿਕੰਦਰ ਸਿੰਘ ਮਾਨਸਾ, ਸੂਬਾ ਪ੍ਰਧਾਨ ਗੁਰਦੀਪ ਸਿੰਘ ਬੁਰਜ ਹਰੀ, ਰਾਜਵੀਰ ਸਿੰਘ, ਨਛੱਤਰ ਸਿੰਘ, ਗਗਨਦੀਪ ਸਿੰਘ, ਸ਼ਮਿੰਦਰ ਸਿੰਘ, ਪਰਵਿੰਦਰ ਸਿੰਘ, ਨਿਰਮਲ ਸਿੰਘ, ਨਰਿੰਜਣ ਸਿੰਘ, ਕਿਰਨਪਾਲ ਸਿੰਘ, ਜਸਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਜੀਤ ਸਿੰਘ ਜੋਗਾ ਨੇ ਵੀ ਸੰਬੋਧਨ ਕੀਤਾ।

NO COMMENTS