*ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਪੀ.ਟੀ.ਐਮ.ਅੱਗੇ ਪਾਉਣ ਦੀ ਮੰਗ*

0
15

ਫ਼ਗਵਾੜਾ 9 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) “*ਭੰਡਾ ਭੰਡਾਰੀਆ ਕਿੰਨਾ ਕੂ ਭਾਰ, ਇੱਕ ਮੁੱਠ ਚੁੱਕ ਲੈ ਦੂਜੀ ਤਿਆਰ*” ਸਾਡੇ ਪੰਜਾਬ ਦੇ ਸਿੱਖਿਆ ਵਿਭਾਗ ਦਾ ਆਲਮ ਨਿਰਾਲਾ ਹੀ ਹੈ,ਇੱਕ ਸਿੱਖਿਆ ਤੇ  ਇੱਕ ਪ੍ਰਯੋਗ ਹਾਲੇ ਖ਼ਤਮ ਨਹੀਂ ਹੁੰਦੇ ਤੇ ਦੂਸਰਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਹੁਣ ਇੱਕ ਪਾਸੇ ਤਾਂ ਪੰਜਾਬ ਦੇ ਸਾਰੇ ਅਧਿਆਪਕ ਪੰਚਾਇਤ ਚੋਣਾਂ ਦੀਆਂ ਡਿਉਟੀਆਂ ਵਿੱਚ ਝੋਕੇ ਹੋਏ ਹਨ, ਦੂਜੇ ਪਾਸੇ ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ,ਬਲਾਕ ਤੇ ਜਿਲ੍ਹਾ ਖੇਡਾਂ ਵੀ ਚੱਲ ਰਹੀਆਂ ਹਨ ਤੇ ਅਧਿਆਪਕ ਸੈਮੀਨਾਰ ਵੀ ਲਗਾ ਰਹੇ ਹਨ ਤੇ ਹੋਰ ਗੈਰ ਵਿੱਦਿਅਕ ਕੰਮਾਂ ਵਿੱਚ ਝੋਕੇ ਹੋਏ ਹਨ ਤੇ ਬੱਚਿਆਂ ਦੇ 25 ਸਤੰਬਰ ਤੋਂ ਪੇਪਰ ਵੀ ਲੈ ਰਹੇ ਹਨ ਤੇ ਹੁਣ ਸਿੱਖਿਆ ਵਿਭਾਗ ਵਲੋਂ 18 ਅਕਤੂਬਰ ਨੂੰ ਅਧਿਆਪਕ ਮਾਪੇ ਮਿਲਣੀ ਰੱਖ ਦਿੱਤੀ ਹੈ । ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ,ਕੈਸ਼ੀਅਰ ਅਮਨਦੀਪ ਸ਼ਰਮਾ,ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਅਧਿਆਪਕ ਮਾਪੇ ਮਿਲਣੀ ਦੀ ਮਿਤੀ ਅੱਗੇ ਪਾਉਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਹੈ ਕਿ ਮਿਤੀ 9,10 ਅਤੇ 11 ਤਰੀਕ ਨੂੰ ਪੰਚਾਇਤ ਚੋਣਾਂ ਸਬੰਧੀ ਰਿਹਰਸਲਾਂ ਹਨ,12 ਅਤੇ 13 ਤਰੀਕ ਦੀ ਛੁੱਟੀ ਹੈ, 14 ਅਤੇ 15 ਨੂੰ ਪੰਚਾਇਤ ਚੋਣਾਂ ਹਨ, 16 ਨੂੰ ਚੋਣ ਅਮਲੇ ਦਾ ਰੈਸਟ ਡੇ ਹੈ, ਅਤੇ 17 ਅਕਤੂਬਰ ਨੂੰ ਫੇਰ ਛੁੱਟੀ ਹੈ। ਇਸ ਲਈ 18 ਤਰੀਕ ਨੂੰ ਬਿਨ੍ਹਾਂ ਤਿਆਰੀ ਹੀ ਮਾਪੇ ਅਧਿਆਪਕ ਮਿਲਣੀ ਕਰਨਾ ਤਰਕਹੀਣ ਹੈ ਕਿਉਕਿ ਅਧਿਆਪਕਾਂ ਨੂੰ ਤਾਂ ਹਾਲੇ ਪੇਪਰ ਮਾਰਕ ਕਰਨ ਅਤੇ ਨਤੀਜ਼ਾ ਰਜਿਸਟਰ ਬਨਾਉਣ ਦਾ ਵੀ ਸਮਾਂ ਨਹੀਂ ਮਿਲਿਆ। ਉਹਨਾਂ ਮੰਗ ਕੀਤੀ ਕਿ ਮਾਪੇ ਅਧਿਆਪਕ ਮਿਲਣੀ ਅਕਤੂਬਰ ਦੇ ਅਖੀਰ ਵਿੱਚ ਰੱਖੀ ਜਾਵੇ। ਇਸ ਸਮੇਂ ਬਲਵਿੰਦਰ ਸਿੰਘ ਭੁੱਟੋ,ਜਸਵਿੰਦਰ ਸਮਾਣਾ, ਕੁਲਦੀਪ ਸਿੰਘ ਪੂਰੋਵਾਲ ਆਦਿ ਹਾਜ਼ਰ ਸਨ।

NO COMMENTS