ਫ਼ਰੀਦਕੋਟ/ 16ਮਾਰਚ / ਸੁਰਿੰਦਰ ਮਚਾਕੀ:- ਮਹਾਂਮਾਰੀ ਕਰੋਨਾਵਾਇਰਸ ਦੇ ਵੱਧਦੇ ਪ੍ਰਕੋਪ ਦੇ ਇਤਿਹਾਦ ਵਜੋਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਨੇ ਪੰਜਾਬ ਭਰ ‘ਚ ਅਣਮਿੱਥੇ ਸਮੇਂ ਲਈ ਦਿੱਤਾ ਜਾ ਰਿਹਾ ਧਰਨਾ ਮੁਲਤਵੀ ਕਰਨ ਪਰ ਰੋਸ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ । ਇਹ ਐਲਾਨ ਸੂਬਾ ਸੰਘਰਸ਼ ਕਮੇਟੀ ਦੀ ਲੁਧਿਆਣੇ ਕੀਤੀ ਮੀਟਿੰਗ ਤੋ ਬਾਅਦ ਕੀਤਾ ਗਿਆ । ਇਸ ‘ਚ ਆਗੂਆਂ ਨੇ ਵਿਸ਼ਵ ਪੱਧਰ ‘ਤੇ ਮਹਾਂਮਾਰੀ ਐਲਾਨੇ ਗਏ ਕਰੋਨਾ ਵਾਇਰਸ ਦੇ ਮਾੜੇ ਪ੍ਰਭਾਵਾਂ ਬਾਰੇ ਚਰਚਾ ਕੀਤੀ ਅਤੇ ਸਰਬਤ ਦਾ ਭਲਾ ਮੰਗਦਿਆਂ ਮਨੁੱਖਤਾ,ਵਿਦਿਆਰਥੀਆਂ ਅਤੇ ਸਹਿਯੋਗੀ ਸਾਥੀਆਂ ਦੀ ਸਿਹਤ ਦੀ ਚਿੰਤਾ ਕਰਦਿਆਂ 11 ਮਾਰਚ ਤੋਂ ਹੱਕੀ ਅਤੇ ਜਾਇਜ਼ ਮੰਗਾਂ ਲਈ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਨੂੰ ਫਿਲਹਾਲ ਮੁਲਤਵੀ ਕਰਕੇ ਰੋਸ ਪ੍ਰਦਰਸ਼ਨ ਹੀ ਕਰਨ ਦਾ ਫੈਸਲਾ ਕੀਤਾ ਹੈ। ਸੂਬਾਈ ਆਗੂ ਪ੍ਰੋ. ਅਰਮਿੰਦਰ ਸਿੰਘ, ਸਰਕਾਰੀ ਕਾਲਜ ਆਫ਼ ਐਜ਼ੂਕੇਸ਼ਨ ਦੇ ਪ੍ਰਧਾਨ ਪ੍ਰੋ. ਬੀਰਇੰਦਰ ਜੀਤ ਸਿੰਘ, ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੇ ਪ੍ਰਧਾਨ ਪ੍ਰੋ. ਅਮਨਪ੍ਰੀਤ ਕੌਰ ਨੇ ਸਾਂਝੇ ਬਿਆਨ ‘ਚ ਸਰਕਾਰ ‘ਤੇ ਨਰਾਜ਼ਗੀ ਜਤਾਉਦਿਆ ਕਿਹਾ ਕਿ ਚਾਰ ਦਿਨ ਬੀਤਣ ਦੇ ਬਾਵਜੂਦ ਵੀ ਉਸ ਨੇ ਹੜਤਾਲੀ ਪ੍ਰੋਫੈਸਰਾਂ ਨਾਲ ਕੋਈ ਤਾਲਮੇਲ ਨਹੀਂ ਕੀਤਾ ਗਿਆ, ਜਿਸ ਕਾਰਨ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਗੈਸਟ ਪ੍ਰੋਫੈਸਰਾਂ ਅੰਦਰ ਸਰਕਾਰ ਬਾਰੇ ਭਾਰੀ ਰੋਸ ਹੈ । ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਫਿਰ ਵੀ ਮੰਗਾਂ ਨਾ ਮੰਨੀਆਂ ਤਾਂ ਉਦੋ ਜਦੋ ਮਹਾਂਮਾਰੀ ਦਾ ਪ੍ਰਭਾਵ ਘਟੇਗਾ ਅਤੇ ਕਾਲਜਾਂ ਵਿੱਚ ਵਿਦਿਆਰਥੀ ਪਰਤਣਗੇ ਤਾਂ ਸੂਬੇ ਦੇ ਗੈਸਟ ਫੈਕਲਟੀ ਪ੍ਰੋਫੈਸਰ ਸਰਕਾਰ ਵਿਰੁੱਧ ਮੁੜ ਪੂਰੇ ਜੋਸ਼ ਅਤੇ ਰੋਹ ਨਾਲ ਭਰਪੂਰ ਤਿੱਖਾ ਸੰਘਰਸ਼ ਸ਼ੁਰੂ ਕਰਨਗੇ । ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਸਰਕਾਰੀ ਕਾਲਜ ਵਿਚ ਕੰਮ ਕਰਦੇ 1011 ਦੇ ਕਰੀਬ ਸਹਾਇਕ ਪ੍ਰੋਫੈਸਰ ਆਪਣੀਆਂ ਮੰਗਾਂ ਮੰਨੇ ਜਾਣ ਤੱਕ ਰੋਜ਼ਾਨਾ ਕਾਲਜ ਵਿਚ ਕਾਲੀਆਂ ਪੱਟੀਆਂ ਬੰਨ੍ਹ ਕੇ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਦਰਸ਼ਨ ਜ਼ਾਹਰ ਕਰਦੇ ਰਹਿਣਗੇ।
ਇਸ ਮੌਕੇ ਗੈਸਟ ਪ੍ਰੋਫੈਸਰਾਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਪੜ੍ਹਾਉਣ ਦੇ ਨਾਲ ਨਾਲ ਯੂਨੀਵਰਸਿਟੀ ਪ੍ਰੀਖਿਆਵਾਂ ਦੌਰਾਨ ਸੁਪਰਡੈਂਟ ਅਤੇ ਨਿਗਰਾਨ ਅਮਲੇ ਵਜੋਂ ਡਿਊਟੀਆਂ ਨਿਭਾਉਣ ਦੇ ਨਾਲ-ਨਾਲ ਪ੍ਰਯੋਗੀ ਪ੍ਰੀਖਿਆਵਾਂ ਅਤੇ ਉੱਤਰ-ਪੱਤਰੀਆਂ ਦੇ ਮੁਲੰਕਣ ਕਾਰਜ ਨਿਭਾਉਂਦੇ ਆ ਰਹੇ ਹਨ ਪਰ ਸਰਕਾਰ ਹੁਣ ਉਨ੍ਹਾਂ ਨੂੰ ਅਯੋਗ ਕਹਿ ਰਹੀ ਹੈ ।ਉਨ੍ਹਾਂ ਚੇਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਪੱਕਾ ਨਾ ਕੀਤਾ ਗਿਆ ਤਾਂ ਪੰਜਾਬ ਦੀਆਂ ਤਿੰਨੋਂ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ, ਪ੍ਰੈਕਟਿਕਲਪ੍ਰੀਖਿਆਵਾਂ ਅਤੇ ਉੱਤਰ ਪੱਤਰੀਆਂ ਦੇ ਮੁਲਾਂਕਣ ਦਾ ਮੁਕੰਮਲ ਬਾਈਕਾਟ ਕਰਨਗੇ । ਇਸ ਮੌਕੇ ਸਰਕਾਰੀ ਬਰਜਿੰਦਰਾ ਕਾਲਜ ਅਤੇ ਸਰਕਾਰੀ ਕਾਲਜ ਆਫ਼ ਐਜ਼ੂਕੇਸ਼ਨ, ਫਰੀਦਕੋਟ ਤੋਂ ਪ੍ਰੋ. ਦੀਪ ਇੰਦਰ, ਪ੍ਰੋ. ਸੁਰਿੰਦਰ ਕੌਰ, ਪ੍ਰੋ. ਅਕਾਸ਼ਦੀਪ ਕੌਰ, ਪ੍ਰੋ. ਸੋਨਿਕਾ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਜਸਬੀਰ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਗਗਨਦੀਪ ਸਿੰਘ, ਪ੍ਰੋ. ਗੁਰਲਾਲ ਸਿੰਘ, ਪ੍ਰੋ. ਜੋਤ ਮਨਿੰਦ ਅਤੇ ਤੋਂ ਇਲਾਵਾ ਯੂਥ ਫ਼ਾਰ ਸਵਰਾਜ ਦੇ ਸੂਬਾਈ ਆਗੂ ਲਵਪ੍ਰੀਤ ਸਿੰਘ ਫ਼ੈਰੋਕੇ, ਜਿਲ੍ਹਾ ਆਗੂ ਅਮਨਦੀਪ ਕੌਰ, ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂਆਂ ਵਿੱਚੋਂ ਸਾਹਿਲਦੀਪ ਸਿੰਘ, ਹਰਵੀਰ ਕੌਰ, ਧਰਮਿੰਦਰ ਸਿੰਘ, ਸਦੀਕ ਨੱਥੂਵਾਲਾ, ਮਨਪ੍ਰੀਤ ਕੌਰ ਵੀ ਮੌਜੂਦ ਸਨ।